ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬੀਤੇ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੇ ਜ਼ਖਮੀ ਗਏ ਹਨ। ਕੋਲਕਾਤਾ ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੋਲਕਾਤਾ ਤੋਂ ਕਰੀਬ 30 ਕਿਲੋਮੀਟਰ ਦੂਰ ਨੀਲਗੰਜ ਦੇ ਮੋਸ਼ਪੋਲ ਖੇਤਰ ਵਿੱਚ ਸਵੇਰੇ 10 ਵਜੇ ਵਾਪਰੀ। ਪਟਾਕਿਆਂ ਦੀ ਫੈਕਟਰੀ ਦੱਤਾਪੁਕੁਰ ਵਿੱਚ ਹੈ। ਹਾਦਸੇ ਦੇ ਸਮੇਂ ਫੈਕਟਰੀ ਵਿੱਚ ਕਈ ਲੋਕ ਕੰਮ ਕਰ ਰਹੇ ਸਨ। ਕੋਲਕਾਤਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ 5 ਲਾਸ਼ਾਂ ਮਿਲੀਆਂ ਹਨ। ਧਮਾਕੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਲੋਕਾਂ ਦੇ ਚੀਥੜੇ ਆਸ-ਪਾਸ ਦੀਆਂ ਛੱਤਾਂ ‘ਤੇ ਡਿੱਗ ਗਏ। ਹਾਲਾਂਕਿ ਮਲਬੇ ‘ਚ ਬੰਬ ਹੋਣ ਦੀ ਸੰਭਾਵਨਾ ਕਾਰਨ ਪੁਲਿਸ ਦੇ ਨਾਲ-ਨਾਲ ਬੰਬ ਨਿਰੋਧਕ ਦਸਤਾ ਵੀ ਮੌਕੇ ‘ਤੇ ਮੌਜੂਦ ਹੈ।
ਦੱਸ ਦਈਏ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਲੋਕਾਂ ਦੇ ਸਰੀਰ ਦੇ ਅੰਗ ਦੂਜੇ ਘਰਾਂ ਦੀਆਂ ਛੱਤਾਂ ‘ਤੇ ਵੀ ਦਿਖਾਈ ਦੇ ਰਹੇ ਹਨ ਤੇ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਸੀ। ਇਸ ਦੇ ਨਾਲ ਹੀ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।
ਇਸ ਤੋਂ ਪਹਿਲਾਂ ਵੀ ਮਈ ‘ਚ ਪੂਰਬੀ ਮੇਦਿਨੀਪੁਰ ਜ਼ਿਲੇ ਦੇ ਈਗਰਾ ‘ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਇਸੇ ਤਰ੍ਹਾਂ ਦੇ ਧਮਾਕੇ ‘ਚ 12 ਲੋਕਾਂ ਦੀ ਮੌਤ ਹੋ ਗਈ ਸੀ।












