ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਵੀਰਵਾਰ ਦੁਪਹਿਰ ਕਰੀਬ 3 ਵਜੇ ਅੱਤਵਾਦੀਆਂ ਨੇ ਫੌਜ ਦੇ ਇਕ ਟਰੱਕ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ, ਜਿਸ ‘ਚ 5 ਜਵਾਨ ਸ਼ਹੀਦ ਹੋ ਗਏ। ਫੌਜ ਨੂੰ ਸ਼ੱਕ ਹੈ ਕਿ ਅਣਪਛਾਤੇ ਅੱਤਵਾਦੀਆਂ ਨੇ ਟਰੱਕ ‘ਤੇ ਗ੍ਰਨੇਡ ਵੀ ਸੁੱਟੇ। ਜਿਸ ਕਾਰਨ ਅੱਗ ਲੱਗ ਗਈ।
ਉੱਤਰੀ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ। ਮੀਂਹ ਪੈ ਰਿਹਾ ਸੀ। ਵਿਜ਼ੀਬਿਲਟੀ ਵੀ ਬਹੁਤ ਘੱਟ ਸੀ। ਇਸ ਦਾ ਫਾਇਦਾ ਅੱਤਵਾਦੀਆਂ ਨੇ ਚੁੱਕਿਆ। ਹਮਲੇ ‘ਚ ਇਕ ਜਵਾਨ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਉਨ੍ਹਾਂ ਨੂੰ ਰਾਜੌਰੀ ਦੇ ਫੌਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਸ਼ਹੀਦ ਹੋਏ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਸਬੰਧਤ ਸਨ। ਉਹ ਇਲਾਕੇ ‘ਚ ਅੱਤਵਾਦੀਆਂ ਖਿਲਾਫ ਚੱਲ ਰਹੇ ਅਪਰੇਸ਼ਨ ‘ਚ ਤਾਇਨਾਤ ਸੀ। ਇਸ ਤੋਂ ਪਹਿਲਾਂ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਟਰੱਕ ‘ਚ ਅੱਗ ਲੱਗਣ ਕਾਰਨ ਫੌਜੀਆਂ ਦੀ ਮੌਤ ਹੋ ਗਈ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਿਜਲੀ ਡਿੱਗਣ ਕਾਰਨ ਟਰੱਕ ਨੂੰ ਅੱਗ ਲੱਗ ਗਈ।











