ਪਾਕਿਸਤਾਨ ਨੂੰ ਕਈ ਮਹੀਨਿਆਂ ਦੀਆਂ ਮੀਟਿੰਗਾਂ ਤੋਂ ਬਾਅਦ ਜੁਲਾਈ 2023 ਵਿੱਚ IMF ਤੋਂ 3 ਬਿਲੀਅਨ ਡਾਲਰ ਦਾ ਬੇਲਆਊਟ ਪੈਕੇਜ ਮਿਲਿਆ ਸੀ। ਹੁਣ ਅਮਰੀਕੀ ਮੀਡੀਆ ਹਾਊਸ ਦ ਇੰਟਰਸੈਪਟ ਨੇ ਦਾਅਵਾ ਕੀਤਾ ਹੈ ਕਿ ਇਹ ਕਰਜ਼ਾ ਲੈਣ ਵਿੱਚ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ IMF ਤੋਂ ਕਰਜ਼ਾ ਲੈਣ ਲਈ ਪਾਕਿਸਤਾਨ ਨੂੰ ਅਮਰੀਕਾ ਨਾਲ ਹਥਿਆਰਾਂ ਦਾ ਗੁਪਤ ਸੌਦਾ ਕਰਨਾ ਪਿਆ ਸੀ। ਅਮਰੀਕਾ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਯੂਕਰੇਨ ਨੂੰ ਦਿੱਤੇ, ਜੋ ਰੂਸ ਨਾਲ ਜੰਗ ਲੜ ਰਿਹਾ ਸੀ।
ਇੰਟਰਸੈਪਟ ਨੇ ਲਿਖਿਆ ਹੈ ਕਿ ਅਪ੍ਰੈਲ 2022 ‘ਚ ਪਾਕਿਸਤਾਨ ਦੀ ਫੌਜ ਨੇ ਅਮਰੀਕਾ ਦੇ ਉਕਸਾਵੇ ‘ਤੇ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਉਦੋਂ ਤੋਂ ਪਾਕਿਸਤਾਨ ਅਮਰੀਕਾ ਦਾ ਲਾਭਦਾਇਕ ਸਮਰਥਕ ਬਣ ਕੇ ਉਭਰਿਆ ਹੈ। ਇਸ ਦੇ ਬਦਲੇ ਅਮਰੀਕਾ ਨੇ IMF ਤੋਂ ਕਰਜ਼ਾ ਲੈਣ ਵਿਚ ਪਾਕਿਸਤਾਨ ਦੀ ਮਦਦ ਕੀਤੀ। ਜਦਕਿ ਅਜੇ ਤੱਕ ਨਾ ਤਾਂ ਅਮਰੀਕਾ ਅਤੇ ਨਾ ਹੀ ਪਾਕਿਸਤਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੰਟਰਸੈਪਟ ਨੂੰ ਪਾਕਿਸਤਾਨ ਵੱਲੋਂ 2022-23 ਵਿੱਚ ਵੇਚੇ ਗਏ ਹਥਿਆਰਾਂ ਦੇ ਦਸਤਾਵੇਜ਼ ਮਿਲੇ ਹਨ। ਇਨ੍ਹਾਂ ‘ਤੇ ਅਮਰੀਕਾ ਦੇ ਬ੍ਰਿਗੇਡੀਅਰ ਜਨਰਲ ਦੇ ਦਸਤਖਤ ਵੀ ਹਨ। ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਇਹ ਡੀਲ ਗਲੋਬਲ ਮਿਲਟਰੀ ਪ੍ਰੋਡਕਟਸ ਨੇ ਕੀਤੀ ਸੀ।
ਦ ਇੰਟਰਸੈਪਟ ਦੀ ਜਾਂਚ ਦੇ ਅਨੁਸਾਰ, 23 ਮਈ, 2023 ਨੂੰ, ਪਾਕਿਸਤਾਨੀ ਰਾਜਦੂਤ ਮਸੂਦ ਖਾਨ ਨੇ ਵਾਸ਼ਿੰਗਟਨ ਡੀ.ਸੀ. ਅਮਰੀਕੀ ਵਿਦੇਸ਼ ਵਿਭਾਗ ਦੇ ਸਹਾਇਕ ਸਕੱਤਰ ਡੋਨਾਲਡ ਲੂ ਨਾਲ ਮੁਲਾਕਾਤ ਕੀਤੀ। ਇਸ ਦਾ ਉਦੇਸ਼ ਪਾਕਿਸਤਾਨ ਨੂੰ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਲਈ ਮਨਾਉਣਾ ਸੀ। ਤਾਂ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ IMF ਦੀਆਂ ਨਜ਼ਰਾਂ ‘ਚ ਥੋੜ੍ਹੀ ਬਿਹਤਰ ਦਿਖਾਈ ਦੇ ਸਕੇ। ਲੂ ਨੇ 23 ਮਈ ਦੀ ਬੈਠਕ ‘ਚ ਖਾਨ ਨੂੰ ਦੱਸਿਆ ਕਿ ਅਮਰੀਕਾ ਨੇ ਪਾਕਿਸਤਾਨ ਦੇ ਹਥਿਆਰਾਂ ਲਈ ਭੁਗਤਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਆਈਐਮਐਫ ਨੂੰ ਉਨ੍ਹਾਂ ਵਿਚਾਲੇ ਹੋਈ ਸੀਕ੍ਰੇਟ ਡੀਲ ਬਾਰੇ ਵੀ ਦੱਸਣਗੇ।
ਲੂ ਨੇ ਕਿਹਾ ਕਿ ਪਾਕਿਸਤਾਨੀ ਮੰਨਦੇ ਹਨ ਕਿ ਹਥਿਆਰਾਂ ਤੋਂ 900 ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਇਸ ਨਾਲ IMF ਤੋਂ ਲੋੜੀਂਦੀ ਵਿੱਤੀ ਸਹਾਇਤਾ ਦੇ ਬਾਕੀ ਬਚੇ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਜੋ ਕਿ ਲਗਭਗ ਦੋ ਅਰਬ ਡਾਲਰ ਸੀ। ਦਰਅਸਲ, ਕਰਜ਼ਾ ਦੇਣ ਤੋਂ ਪਹਿਲਾਂ IMF ਨੇ ਪਾਕਿਸਤਾਨ ਅੱਗੇ ਇਹ ਸ਼ਰਤ ਰੱਖੀ ਸੀ ਕਿ ਉਸ ਨੂੰ ਕਿਸੇ ਹੋਰ ਦੇਸ਼ ਤੋਂ ਘੱਟੋ-ਘੱਟ 2 ਅਰਬ ਡਾਲਰ ਦਾ ਕਰਜ਼ਾ ਲੈਣਾ ਹੋਵੇਗਾ ਅਤੇ ਉਸ ਨੂੰ ਆਪਣੇ ਵਿਦੇਸ਼ੀ ਭੰਡਾਰ ‘ਚ ਗਾਰੰਟੀ ਮਨੀ ਵਜੋਂ ਜਮ੍ਹਾ ਕਰਨਾ ਹੋਵੇਗਾ।