ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਇੰਦੌਰ -ਖਰਗੋਨ ਵਿਚਕਾਰ ਸੋਮਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੰਦੌਰ ਤੋਂ ਪੁਣੇ ਜਾ ਰਹੀ ਬੱਸ ਸਵੇਰੇ ਕਰੀਬ ਪੋਣੇ 10 ਵਜੇ ਧਾਮਨੌਦ ਦੇ ਖਾਲਘਾਟ ਨੇੜੇ ਨਰਮਦਾ ਨਦੀ ਵਿੱਚ ਡਿੱਗ ਗਈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਯਾਤਰੀ ਸਵਾਰ ਸਨ। ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇਸ ਦਰਦਨਾਕ ਹਾਦਸੇ ‘ਚ ਕੋਈ ਵੀ ਯਾਤਰੀ ਜਿਉਂਦਾ ਨਹੀਂ ਬਚਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਦੌਰ ਅਤੇ ਧਾਰ ਤੋਂ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਖਾਲਘਾਟ ‘ਚ ਪੁਲ ‘ਤੇ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਕੰਟਰੋਲ ਤੋਂ ਬਾਹਰ ਹੋ ਗਈ। ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਖਾਲਘਾਟ ਸਮੇਤ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੱਸ ਹਾਦਸੇ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਬੱਸ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਤੇਜ਼ੀ ਨਾਲ ਬਚਾਅ ਕਾਰਜ ਚਲਾਉਂਦੇ ਹੋਏ ਸਾਰੇ ਯਾਤਰੀਆਂ ਦੀਆਂ ਲਾਸ਼ਾਂ ਨੂੰ ਨਦੀ ‘ਚੋਂ ਕੱਢ ਲਿਆ ਗਿਆ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖਲਘਾਟ ਹਾਦਸੇ ‘ਤੇ ਸੋਗ ਪ੍ਰਗਟ ਕੀਤਾ ਹੈ।












