ਹੰਗਰੀ ਦੀ ਰਾਸ਼ਟਰਪਤੀ ਕੈਟਲਿਨ ਨੋਵਾਕ ਨੇ ਅਸਤੀਫਾ ਦੇ ਦਿੱਤਾ ਹੈ। ਉਸ ਦਾ ਅਸਤੀਫਾ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਨੂੰ ਮੁਆਫੀ ਦੇਣ ਦੇ ਵਿਰੋਧ ਤੋਂ ਬਾਅਦ ਆਇਆ ਹੈ।
ਦੱਸ ਦਈਏ ਕਿ ਨੋਵਾਕ ਨੇ ਕਿਹਾ ਮੈਂ ਮੁਆਫੀ ਮੰਗਦੀ ਹਾਂ। ਮੈਂ ਗਲਤੀ ਕੀਤੀ। ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਨੂੰ ਮਾਫੀ ਦਿੱਤੇ ਜਾਣ ਦੀ ਖਬਰ ਨਾਲ ਬਹੁਤ ਸਾਰੇ ਲੋਕਾਂ ਨੂੰ ਦੁੱਖ ਪਹੁੰਚਿਆ ਹੈ। ਮੈਂ ਹਮੇਸ਼ਾ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਦੇ ਪੱਖ ਵਿੱਚ ਰਹੀ ਹਾਂ ਅਤੇ ਰਹਾਂਗੀ।
ਜ਼ਿਕਰਯੋਗ ਹੈ ਕਿ ਅਪ੍ਰੈਲ 2023 ਵਿਚ ਚਿਲਡਰਨ ਹੋਮ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਮੁਆਫ਼ੀ ਦਿੱਤੀ ਗਈ ਸੀ। ਉਸਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੁਕਾਉਣ ਵਿੱਚ ਆਪਣੇ ਬੌਸ ਦੀ ਮਦਦ ਕੀਤੀ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਦਾ ਵਿਰੋਧ ਹੋ ਰਿਹਾ ਸੀ। ਇਹ ਵਿਰੋਧ 9 ਫਰਵਰੀ 2024 ਨੂੰ ਵਧਿਆ। ਰਾਸ਼ਟਰਪਤੀ ਭਵਨ ਦੇ ਬਾਹਰ ਲੋਕ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਲੱਗੇ।
ਲੋਕਾਂ ਨੇ ਰਾਸ਼ਟਰਪਤੀ ਕੈਟਲਿਨ ਨੋਵਾਕ ਦੇ ਅਸਤੀਫੇ ਦੀ ਮੰਗ ਕੀਤੀ ਹੈ। 25 ਜਨਵਰੀ 2024 ਨੂੰ ਨਾਰਵੇ ਦੇ ਸਿੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ। ਉਸ ‘ਤੇ ਧੋਖਾਧੜੀ ਦਾ ਦੋਸ਼ ਸੀ। ਸਿੱਖਿਆ ਮੰਤਰੀ ਸੈਂਡਰਾ ਬੋਰਚ ਨੇ ਮੰਨਿਆ ਕਿ ਉਸਨੇ 2014 ਵਿੱਚ ਮਾਸਟਰ ਡਿਗਰੀ ਦੇ ਥੀਸਿਸ ਨੂੰ ਕਾਪੀ-ਪੇਸਟ ਕੀਤਾ ਸੀ।
35 ਸਾਲ ਦੀ ਸੈਂਡਰਾ ਬੋਰਚ ਨੇ ਕਿਹਾ ਸੀ ਕਿ ਮੈਂ ਵੱਡੀ ਗਲਤੀ ਕੀਤੀ ਹੈ। ਮੈਂ ਇੱਕ ਹੋਰ ਵਿਦਿਆਰਥੀ ਦਾ ਥੀਸਿਸ ਦੇਖ ਕੇ ਆਪਣਾ ਥੀਸਿਸ ਲਿਖਿਆ। ਮੈਂ ਸਰੋਤ ਦਾ ਨਾਮ ਵੀ ਨਹੀਂ ਲਿਖਿਆ। ਅਸਲ ਵਿੱਚ ਥੀਸਿਸ ਵਿੱਚ ਉਸ ਸਥਾਨ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ ਜਿੱਥੋਂ ਜਾਣਕਾਰੀ ਲਈ ਗਈ ਹੈ। ਸੈਂਡਰਾ ਨੇ ਅਜਿਹਾ ਨਹੀਂ ਕੀਤਾ।












