ਪਾਕਿਸਤਾਨ: ਪਾਕਿਸਤਾਨ ਦੀ ਫੌਜ ਭਾਰਤ ਨੂੰ ਨਸ਼ੀਲੇ ਪਦਾਰਥ ਅਤੇ ਨਕਲੀ ਨੋਟ ਪਹੁੰਚਾਉਣ ਵਾਲਿਆਂ ਦੀ ਮਦਦ ਕਰ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਖਾਲਿਸਤਾਨੀ ਹਥਿਆਰਬੰਦ ਸਮੂਹਾਂ ਨੂੰ ਫੰਡਿੰਗ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਪਾਕਿਸਤਾਨੀ ਫੌਜ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਕੀਤਾ ਹੈ। ਦਰਅਸਲ, ਭਾਰਤ ਦੇ ਲੋੜੀਂਦੇ ਅੱਤਵਾਦੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਦੇ ਕੁਝ ਘੰਟਿਆਂ ਬਾਅਦ ਪਾਕਿਸਤਾਨੀ ਫੌਜ ਦੇ ਸੇਵਾਮੁਕਤ ਮੇਜਰ ਆਦਿਲ ਫਾਰੂਕ ਰਾਜਾ ਨੇ ਆਪਣੇ ਯੂਟਿਊਬ ‘ਤੇ ਇੱਕ ਵੀਡੀਓ ਬਣਾਈ ਹੈ। ਰਿਟਾਇਰਡ ਮੇਜਰ ਨੇ ਵੀਡੀਓ ‘ਚ ਕਿਹਾ ਕਿ ਲਾਹੌਰ ‘ਚ ਪੰਜਵੜ ਕੋਲ ਸੁਰੱਖਿਆ ਸੀ, ਫਿਰ ਵੀ ਉਸ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ।
ਰਿਟਾਇਰਡ ਮੇਜਰ ਆਦਿਲ ਫਾਰੂਕ ਰਾਜਾ ਨੇ ਆਪਣੀ ਵੀਡੀਓ ‘ਚ ਦਾਅਵਾ ਕੀਤਾ ਕਿ ਇਸ ਘਟਨਾ ਨੂੰ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਨੇ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਪੰਜਵੜ ਦੀ ਪਾਕਿਸਤਾਨ ਦੇ ਲਾਹੌਰ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰਿਟਾਇਰਡ ਮੇਜਰ ਆਦਿਲ ਫਾਰੂਕ ਰਾਜਾ ਨੇ ਆਪਣੀ ਵੀਡੀਓ ‘ਚ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਫੌਜ ਕਈ ਮਾਮਲਿਆਂ ‘ਚ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਅ ਲਾਹੌਰ ਵਿੱਚ ਅਪਰੇਸ਼ਨ ਕਰਨ ਦੇ ਸਮਰੱਥ ਹੈ, ਪਰ ਫ਼ੌਜ ਇਸ ਨੂੰ ਰੋਕਣ ਵਿੱਚ ਅਸਮਰੱਥ ਜਾਪਦੀ ਹੈ। ਲੈਫਟੀਨੈਂਟ ਜਨਰਲ ਨਦੀਮ ਅੰਜੁਮ ਅਤੇ ਜਨਰਲ ਆਸਿਮ ਮੁਨੀਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਅਸਫਲ ਦੱਸਿਆ।












