ਭਾਰਤ ਦਾ ਦੱਖਣੀ ਅਫ਼ਰੀਕਾ ਦੌਰਾ ਕੁਝ ਹੀ ਦਿਨਾਂ ‘ਚ ਸ਼ੁਰੂ ਹੋਵੇਗਾ। ਇਸ ਦੌਰਾਨ ਭਾਰਤੀ ਟੀਮ ਟੈਸਟ ਤੇ ਵਨ-ਡੇ ਸੀਰੀਜ਼ ਖੇਡੇਗੀ ਜਦਕਿ ਟੀ-20 ਕੌਮਾਂਤਰੀ ਸੀਰੀਜ਼ ਬਾਅਦ ‘ਚ ਹੋਵੇਗੀ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਵਨ-ਡੇ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ਤੇ ਰੋਹਿਤ ਸ਼ਰਮਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਰੋਹਿਤ ਨੇ ਕਪਤਾਨ ਦੇ ਰੂਪ ‘ਚ ਆਪਣੀ ਯੋਗਤਾ ਨੂੰ ਉਦੋਂ ਸਾਬਤ ਵੀ ਕੀਤਾ ਹੈ, ਜਦੋਂ ਉਨ੍ਹਾਂ ਨੂੰ ਅਗਵਾਈ ਕਰਨ ਲਈ ਮੌਕਾ ਮਿਲਿਆ ਹੈ। 2023 ਵਿਸ਼ਵ ਕੱਪ ਹੋਣ ਤੋਂ ਪਹਿਲਾਂ ਇਹ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਟੀਮ ਨੂੰ ਆਕਾਰ ਦੇਣ ਦਾ ਸਮਾਂ ਵੀ ਦੇਵੇਗਾ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਬਾਅਦ ਭਾਰਤੀ ਟੀ-20 ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਇਸ ਦਾ ਐਲਾਨ ਉਨ੍ਹਾਂ ਨੇ ਆਈ. ਸੀ. ਸੀ. ਟੂਰਨਾਮੈਂਟ ਤੋਂ ਪਹਿਲਾਂ ਕੀਤਾ ਸੀ। ਦੂਜੇ ਪਾਸੇ ਟੀ-20 ਟੀਮ ਦੀ ਕਪਤਾਨੀ ਛੱਡਣ ਦੇ ਬਾਅਦ ਤੋਂ ਹੀ ਅਜਿਹੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਕੋਹਲੀ ਤੋਂ ਵਨ-ਡੇ ਦੀ ਕਪਤਾਨੀ ਵੀ ਖੋਹੀ ਜਾ ਸਕਦੀ ਹੈ।