ਭਾਰਤ, ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪਟਕਾ ਜਾਂ ਦਸਤਾਰ ਬੰਨੇ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਸਮੱਸਿਆ ਦੇ ਹੱਲ ਲਈ ਕੈਨੇਡਾ ‘ਚ ਇਕ ਮਾਂ ਨੇ ਆਪਣੇ ਬੱਚਿਆਂ ਲਈ ਖਾਸ ਤੌਰ ‘ਤੇ ਹੈਲਮੇਟ ਬਣਾਇਆ ਹੈ। ਇਸ ਨੂੰ ਦਸਤਾਰ ਜਾਂ ਪਟਕੇ ਨਾਲ ਪਹਿਨਿਆ ਜਾ ਸਕਦਾ ਹੈ। ਇਸ ਹੈਲਮੇਟ ਨੂੰ ਸਿੱਖ ਹੈਲਮੇਟ ਦਾ ਨਾਂ ਦਿੱਤਾ ਗਿਆ।

ਕੈਨੇਡਾ ‘ਚ ਰਹਿਣ ਵਾਲੀ ਟੀਨਾ ਸਿੰਘ ਨੇ ਅਜਿਹਾ ਹੈਲਮੇਟ ਬਣਾਇਆ ਹੈ। ਟੀਨਾ ਸਿੰਘ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਰਅਸਲ, ਕੁਝ ਸਮਾਂ ਪਹਿਲਾਂ ਟੀਨਾ ਦਾ ਤਣਾਅ ਉਦੋਂ ਵੱਧ ਗਿਆ ਜਦੋਂ ਉਸ ਨੂੰ ਆਪਣੇ ਸਿੱਖ ਪੁੱਤਰਾਂ ਲਈ ਬਾਜ਼ਾਰ ਵਿੱਚ ਸਹੀ ਹੈਲਮੇਟ ਨਹੀਂ ਮਿਲਿਆ। ਇਸ ਤੋਂ ਬਾਅਦ ਟੀਨਾ ਨੇ ਖੁਦ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਤੇ ਉਨ੍ਹਾਂ ਦੀ ਪੱਗ ਦੇ ਹਿਸਾਬ ਨਾਲ ਹੈਲਮੇਟ ਡਿਜ਼ਾਈਨ ਕੀਤਾ। ਸੀਬੀਸੀ ਨਿਊਜ਼ ਮੁਤਾਬਕ ਇਨ੍ਹਾਂ ਦਸਤਾਰ ਦੇ ਅਨੁਕੂਲ ਹੈਲਮੇਟਾਂ ਨੂੰ ਸੁਰੱਖਿਆ ਸਰਟੀਫਿਕੇਟ ਵੀ ਮਿਲ ਚੁੱਕਾ ਹੈ। ਯਾਨੀ ਕਿ ਦੁਰਘਟਨਾ ਦੀ ਸੂਰਤ ਵਿੱਚ ਬਚਾਅ ਵਿੱਚ ਇਹ ਕਾਰਗਰ ਸਾਬਤ ਹੋਏ ਹਨ। ਇਹ ਖਾਸ ਤੌਰ ‘ਤੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਗਏ ਹਨ। ਦੱਸ ਦਈਏ ਕਿ ਟੀਨਾ ਇੱਕ ਡਾਕਟਰ ਵੀ ਹੈ ਅਤੇ ਹੁਣ ਉਸ ਨੇ ਇਹ ਹੈਲਮੇਟ ਦਾ ਕੰਮ ਵੀ ਕਰ ਦਿਖਾਇਆ ਹੈ। ਉਸ ਨੇ ਸਿੱਖ ਹੈਲਮੇਟ ਨਾਂ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਅਕਾਊਂਟ ਵੀ ਬਣਾਇਆ ਹੋਇਆ ਹੈ।












