ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਬਾਈਕ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ। ਇਹ ਕਾਰ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੇ ਪੁੱਤਰ ਸੰਕੇਤ ਬਾਵਨਕੁਲੇ ਦੇ ਨਾਂ ‘ਤੇ ਰਜਿਸਟਰਡ ਹੈ।
ਪੁਲਿਸ ਅਨੁਸਾਰ ਇਹ ਘਟਨਾ ਸੋਮਵਾਰ (9 ਸਤੰਬਰ) ਨੂੰ ਸਵੇਰੇ 1 ਵਜੇ ਦੇ ਕਰੀਬ ਵਾਪਰੀ। ਔਡੀ ਕਾਰ ਪਹਿਲਾਂ ਇੱਕ ਕਾਰ ਨਾਲ ਟਕਰਾ ਗਈ। ਫਿਰ ਬਾਈਕ ਨੂੰ ਟੱਕਰ ਮਾਰੀ। ਫਿਰ ਵੀ ਕਾਰ ਨਾ ਰੁਕੀ ਅਤੇ ਅੱਗੇ ਜਾ ਕੇ ਮਾਨਕਪੁਰ ਵਿੱਚ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚ ਸਵਾਰ ਲੋਕਾਂ ਨੇ ਔਡੀ ਦਾ ਪਿੱਛਾ ਕਰਕੇ ਮਾਨਕਪੁਰ ਪੁਲ ਨੇੜੇ ਰੋਕ ਲਿਆ।
ਜਾਣਕਾਰੀ ਦਿੰਦਿਆਂ ਨਾਗਪੁਰ ਦੇ ਡੀਸੀਪੀ ਰਾਹੁਲ ਮਦਨੇ ਨੇ ਮੰਗਲਵਾਰ (10 ਸਤੰਬਰ) ਨੂੰ ਕਿਹਾ ਕਿ ਸੰਕੇਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਸ ਨੇ ਕਬੂਲ ਕੀਤਾ ਹੈ ਕਿ ਹਾਦਸੇ ਸਮੇਂ ਉਹ ਕਾਰ ਵਿੱਚ ਮੌਜੂਦ ਸੀ। ਹਾਲਾਂਕਿ, ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸੰਕੇਤ ਵਾਹਨ ਵਿੱਚ ਨਹੀਂ ਸੀ। ਪੁਲੀਸ ਨੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।