ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਚੰਦਰਪੁਰ-ਮੂਲ ਰੋਡ ‘ਤੇ ਇਕ ਟਰੱਕ ਅਤੇ ਟੈਂਕਰ ਵਿਚਾਲੇ ਅੱਗ ਲੱਗਣ ਕਾਰਨ 9 ਲੋਕ ਜ਼ਿੰਦਾ ਸੜ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਤੇਜ਼ ਰਫਤਾਰ ਟਰੱਕ ਅਤੇ ਪੈਟਰੋਲ ਟੈਂਕਰ ਦੀ ਇੰਨੀ ਜ਼ਬਰਦਸਤ ਟੱਕਰ ਹੋ ਗਈ ਕਿ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਟਰੱਕ ਲੱਕੜਾ ਨਾਲ ਭਰਿਆ ਹੋਇਆ ਸੀ, ਇਸ ਲਈ ਅੱਗ ਫੈਲਣ ਵਿੱਚ ਦੇਰ ਨਹੀਂ ਲੱਗੀ। ਟਰੱਕ ‘ਚ ਬੈਠੇ 7 ਲੋਕ ਅਤੇ ਪੈਟਰੋਲ ਟੈਂਕਰ ‘ਚ ਬੈਠੇ 2 ਲੋਕ ਅੱਗ ਦੀ ਲਪੇਟ ‘ਚ ਆ ਗਏ ਅਤੇ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ।

ਚੰਦਰਪੁਰ ਉਪਮੰਡਲ ਪੁਲਸ ਅਧਿਕਾਰੀ ਸੁਧੀਰ ਨੰਦਨਵਰ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਮਾਰਗ ‘ਤੇ ਪਿੰਡ ਅਜੈਪੁਰ ਨੇੜੇ ਟਰੱਕ ਦਾ ਟਾਇਰ ਫਟਣ ਕਾਰਨ ਉਹ ਸਾਹਮਣੇ ਤੋਂ ਆ ਰਹੇ ਟੈਂਕਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਟੈਂਕਰ ਵਿੱਚੋਂ ਪੈਟਰੋਲ ਫੈਲਣ ਕਾਰਨ ਆਸ-ਪਾਸ ਦੇ ਕਈ ਦਰੱਖਤ ਸੜ ਗਏ ਹਨ। ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ ਅਤੇ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾ ਲਿਆ ਗਿਆ।
ਜੰਗਲਾਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹਾਦਸੇ ਤੋਂ ਕਰੀਬ ਇਕ ਘੰਟੇ ਬਾਅਦ ਅਜੈਪੁਰ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ‘ਚ ਕਈ ਘੰਟੇ ਲੱਗੇ। ਅੱਗ ‘ਤੇ ਕਾਬੂ ਪਾਉਣ ਲਈ ਚੰਦਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਗੱਡੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਸ ਅੱਗ ਤੋਂ ਬਾਅਦ ਆਬਾਦੀ ਵਾਲੇ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।












