1 ਮਾਰਚ ਨੂੰ ਯੂਕਰੇਨ ਦੇ ਖਾਰਕਿਵ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮ੍ਰਿਤਕ ਦੇਹ ਸੋਮਵਾਰ ਸਵੇਰ ਭਾਰਤ ਪਹੁੰਚ ਗਈ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਬੇਂਗਲੁਰੂ ਹਵਾਈ ਅੱਡੇ ‘ਤੇ ਨਵੀਨ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਵੀਨ ਦੇ ਪਿਤਾ ਸ਼ੰਕਰੱਪਾ ਵੀ ਮੌਜੂਦ ਰਹੇ। ਬੇਟੇ ਦੀ ਲਾਸ਼ ਦੇਖ ਕੇ ਪਿਤਾ ਸ਼ੰਕਰੱਪਾ ਤਾਬੂਤ ਨਾਲ ਚਿੰਬੜ ਕੇ ਰੋਣ ਲੱਗੇ।

ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਿੰਡ ਲਿਜਾਇਆ ਗਿਆ, ਜਿੱਥੇ ਵੀਰਾ ਸ਼ੈਵ ਪਰੰਪਰਾ ਅਨੁਸਾਰ ਦੇਹ ਦੀ ਪੂਜਾ ਕੀਤੀ ਗਈ। ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ ਡਾਕਟਰੀ ਪੜ੍ਹਾਈ ਲਈ ਦਾਵਨਗੇਰੇ ਦੇ ਐਸਐਸ ਹਸਪਤਾਲ ਵਿੱਚ ਦਾਨ ਕੀਤਾ ਜਾਵੇਗਾ।
ਨਵੀਨ ਦੇ ਪਿਤਾ ਸ਼ੰਕਰੱਪਾ ਨੇ ਕਿਹਾ ਕਿ ਮੇਰਾ ਬੇਟਾ ਡਾਕਟਰੀ ਦੇ ਖੇਤਰ ਵਿੱਚ ਕੁਝ ਹਾਸਲ ਕਰਨਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਹੋਇਆ। ਘੱਟੋ-ਘੱਟ ਉਸ ਦੇ ਸਰੀਰ ਨੂੰ ਹੋਰ ਮੈਡੀਕਲ ਵਿਦਿਆਰਥੀ ਪੜ੍ਹਾਈ ਲਈ ਵਰਤ ਸਕਦੇ ਹਨ। ਇਸ ਲਈ ਅਸੀਂ ਡਾਕਟਰੀ ਖੋਜ ਲਈ ਆਪਣੇ ਬੇਟੇ ਦਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ।












