ਨਵੀਂ ਸੰਸਦ ਭਵਨ ਦੇ ਸਾਹਮਣੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪਹਿਲਵਾਨ ਬੈਰੀਕੇਡ ਪਾਰ ਕਰਕੇ ਨਵੀਂ ਪਾਰਲੀਮੈਂਟ ਵੱਲ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਗਰੋਂ ਪੁਲੀਸ ਨੇ ਜੰਤਰ-ਮੰਤਰ ’ਤੇ ਲੱਗੇ ਧਰਨੇ ਵਾਲੀ ਥਾਂ ਤੋਂ ਟੈਂਟ, ਕੁਰਸੀਆਂ ਤੇ ਹੋਰ ਸਾਮਾਨ ਹਟਾ ਕੇ ਸ਼ਾਮ 4 ਵਜੇ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ।
ਇਸ ਤੋਂ ਬਾਅਦ ਸ਼ਾਮ 7.15 ਵਜੇ ਕੁਝ ਪਹਿਲਵਾਨਾਂ ਨੂੰ ਛੱਡਿਆ ਗਿਆ। ਵਿਨੇਸ਼ ਫੋਗਾਟ ਨੇ ਕਿਹਾ ਕਿ ਮੈਨੂੰ, ਸੰਗੀਤਾ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਜਰੰਗ ਪੂਨੀਆ ਅਜੇ ਵੀ ਪੁਲਿਸ ਹਿਰਾਸਤ ਵਿੱਚ ਹੈ। ਅਸੀਂ ਪੁਲਿਸ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਸਾਨੂੰ ਅੰਦਰ ਨਹੀਂ ਰੱਖ ਸਕਦੇ, ਇਸ ਲਈ ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ਨਾ ਸਿਖਾਓ। ਦਰਅਸਲ ਜੰਤਰ-ਮੰਤਰ ‘ਤੇ 34 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ‘ਚ ਸ਼ਾਮਲ ਹੋਣ ਜਾ ਰਹੇ ਸਨ ਪਰ ਦਿੱਲੀ ਪੁਲਸ ਨੇ ਇਸ ਮਹਾਪੰਚਾਇਤ ਨੂੰ ਇਜਾਜ਼ਤ ਨਹੀਂ ਦਿੱਤੀ। ਇਸ ਦੇ ਬਾਵਜੂਦ ਪਹਿਲਵਾਨਾਂ ਨੇ ਮਹਾਪੰਚਾਇਤ ਕਰਵਾਈ ਅਤੇ ਸੰਸਦ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ- ਕੀ ਇਹ ਲੋਕਤੰਤਰ ਹੈ, ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਸਾਨੂੰ ਗੋਲੀ ਮਾਰੋ ਇਸ ਦੌਰਾਨ ਸਾਕਸ਼ੀ ਮਲਿਕ ਦੇ ਪਤੀ ਸਤਿਆਵਰਤ ਮਲਿਕ ਅਤੇ ਹੋਰ ਪਹਿਲਵਾਨਾਂ ਨੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬੱਸ ਦੇ ਅੰਦਰ ਹੀ ਨਾਅਰੇਬਾਜ਼ੀ ਕੀਤੀ।












