ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈਕਮਾਂਡ ਨੂੰ ਲਿਖੇ ਪੱਤਰ ‘ਤੇ ਦੋ ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵਿਟਰ ‘ਤੇ ਆਪਣੀ ਚੁੱਪੀ ਤੋੜੀ ਹੈ, ਉਨ੍ਹਾਂ ਦਾ ਇਹ ਟਵੀਟ ਪੰਜਾਬ ਪ੍ਰਦੇਸ਼ ਇਕਾਈ ਵਿਰੁੱਧ ਬਗਾਵਤ ਨੂੰ ਦਰਸਾਉਂਦਾ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਖਿਲਾਫ ਹੋ ਰਹੀਆਂ ਗੱਲਾਂ ਦਾ ਜਵਾਬ ਸਮਾਂ ਹੀ ਦੇਵੇਗਾ। ਸਿੱਧੂ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ ਹੈ ਕਿ- ”ਮੈਂ ਅਕਸਰ ਆਪਣੇ ਖਿਲਾਫ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ। , , , , ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦਿੱਤਾ ਹੈ।”
ਜ਼ਿਕਰਯੋਗ ਹੈ ਕਿ ਹਰੀਸ਼ ਚੌਧਰੀ ਵੱਲੋਂ ਲਿਖੀ ਚਿੱਠੀ ‘ਤੇ ਸਵਾਲ ਪੁੱਛੇ ਜਾਣ ‘ਤੇ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਟਵਿੱਟਰ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਟਵੀਟ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਚੱਲਣ ਲਈ ਤਿਆਰ ਨਹੀਂ ਹਨ। ਹਰੀਸ਼ ਚੌਧਰੀ ਨੇ ਦੋ ਦਿਨ ਪਹਿਲਾਂ ਹਾਈਕਮਾਂਡ ਨੂੰ ਲਿਖੇ ਪੱਤਰ ‘ਚ ਕਿਹਾ ਹੈ, ‘ਅਸੀਂ ਨਵਜੋਤ ਸਿੱਧੂ ਤੋਂ ਸਪੱਸ਼ਟੀਕਰਨ ਮੰਗਣ ਦੀ ਸਿਫਾਰਸ਼ ਕੀਤੀ ਹੈ। ਉਸ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਸੋਨੀਆ ਗਾਂਧੀ ਨੂੰ ਲਿਖੇ ਪੱਤਰ ‘ਚ ਚੌਧਰੀ ਨੇ ਕਿਹਾ ਹੈ, ‘ਨਵੰਬਰ 2021 ਤੋਂ ਪੰਜਾਬ ‘ਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਲੈ ਕੇ ਹੁਣ ਤੱਕ ਮੇਰਾ ਮੁਲਾਂਕਣ ਇਹ ਹੈ ਕਿ ਸਿੱਧੂ ਕਾਂਗਰਸ ਸਰਕਾਰ ਦੇ ਕੰਮਕਾਜ ਦੀ ਲਗਾਤਾਰ ਆਲੋਚਨਾ ਕਰ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਕਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਇਆ। ਜਦੋਂ ਤੋਂ ਪਾਰਟੀ ਚੋਣ ਲੜ ਰਹੀ ਸੀ, ਸਿੱਧੂ ਦਾ ਵਤੀਰਾ ਗਲਤ ਸੀ। ਮੇਰੇ ਲਗਾਤਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਬੰਦ ਨਹੀਂ ਕੀਤੀਆਂ ਅਤੇ ਸਰਕਾਰ ਵਿਰੁੱਧ ਬੋਲਦੇ ਰਹੇ।









