ਅਮਰੀਕਾ ਦੇ ਪੇਂਸਿਲਵੇਨਿਆ ਸੂਬੇ ਦੇ ਫਿਲਾਡੇਲਫਿਆ ਵਿਚ ਅੱਜ ਸਵੇਰੇ ਇਕ ਹੋਰ ਪਲੇਨ ਕ੍ਰੈਸ਼ ਹੋ ਗਿਆ। ਫਿਲਾਡੇਲਫਿਆ ਤੋਂ ਮਿਸੌਰੀ ਜਾ ਰਹੇ ਪਲੇਨ ਵਿਚ 6 ਲੋਕ ਸਵਾਰ ਸਨ। ਇਨ੍ਹਾਂ ਵਿਚ 2 ਡਾਕਟਰ, ਦੋ ਪਾਇਲਟ, ਇਕ ਮਰੀਜ਼ ਤੇ ਇਕ ਫੈਮਿਲੀ ਮੈਂਬਰ ਸ਼ਾਮਲ ਸੀ। ਹਾਦਸੇ ਵਿਚ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
FAA ਮੁਤਾਬਕ ਲਿਅਰਜੈੱਟ 55 ਨਾਂ ਦੇ ਇਸ ਜਹਾਜ਼ ਨੇ ਸ਼ਾਮ 6.30 (ਸਥਾਨਕ ਸਮੇਂ) ‘ਤੇ ਨਾਰਥ ਈਸਟ ਫਿਲਾਡੇਲਫੀਆ ਏਅਰਪੋਰਟ ਤੋਂ ਉਡਾਣ ਭਰੀ ਸੀ। ਸਿਰਫ 30 ਸੈਕੰਡ ਬਾਅਦ 6.4 ਕਿਲੋਮੀਟਰ (4 ਮੀਲ) ਦੂਰ ਜਾ ਕੇ ਇਹ ਕ੍ਰੈਸ਼ ਹੋ ਗਿਆ। ਇਹ ਜਹਾਜ਼ ਰਿਹਾਇਸ਼ੀ ਇਲਾਕਿਆਂ ਵਿਚ ਘਰਾਂ ‘ਤੇ ਜਾ ਡਿੱਗਾ ਜਿਸ ਨਾਲ ਇਲਾਕੇ ਦੀਆਂ ਕਈ ਇਮਾਰਤਾਂ ਵਿਚ ਅੱਗ ਲੱਗ ਗਈ। ਫਿਲਹਾਲ ਰੈਸਕਿਊ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।ਹਾਦਸੇ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਜਹਾਜ਼ ਦਾ ਸੰਚਾਲਨ ਕਰਨ ਵਾਲੀ ਏਅਰ ਐਂਬੂਲੈਂਸ ਕੰਪਨੀ ਜੈੱਟ ਰੈਸਕਿਊ ਨੇ ਕਿਹਾ ਕਿ ਇਸ ਸਮੇਂ ਅਸੀਂ ਕਿਸੇ ਦੇ ਵੀ ਜ਼ਿੰਦਾ ਬਚਣ ਦੀ ਪੁਸ਼ਟੀ ਨਹੀਂ ਕਰ ਸਕਦੇ। ਜਿਸ ਜਗ੍ਹਾ ਜਹਾਜ਼ ਡਿੱਗਿਆ ਉਥੇ ਕਈ ਘਰ ਤੇ ਦੁਕਾਨਾਂ ਹਨ। ਪੁਲਿਸ ਮੁਤਾਬਕ ਜ਼ਮੀਨ ‘ਤੇ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫੈਡਰਲ ਏਵੀਸ਼ਨ ਐਡਮਿਨੀਸਟ੍ਰੇਸ਼ਨ ਤੇ ਟਰਾਂਸਪੋਰਟ ਸੇਫਟੀ ਬੋਰਡ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ।