ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। 1.56 ਕਰੋੜ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਸਾਰੇ ਮਤਦਾਨ ਕੇਂਦਰਾਂ ‘ਤੇ ਵਿਆਪਕ ਵਿਵਸਥਾ ਕੀਤੀ ਗਈ ਹੈ। ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਦੀ 70 ਮੈਂਬਰ ਵਿਧਾਨ ਸਭਾ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸ਼ਾਮ 5 ਵਜੇ ਤੱਕ ਵੋਟਿੰਗ ਸੰਪੰਨ ਹੋਜਾਵੇਗੀ। ਲਾਈਨਾਂ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ 5 ਵਜੇ ਦੇ ਬਾਅਦ ਵੀ ਵੋਟ ਪਾਉਣ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਵਿਚ ਵੋਟਿੰਗ ਲਈ ਕੁੱਲ 13766 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ ਮਾਡਲ ਪੋਲਿੰਗ ਸਟੇਸ਼ਨ 210, ਮਹਿਲਾਵਾਂ ਵਲੋਂ ਸੰਚਾਲਿਤ ਪੋਲਿੰਗ ਬੂਥ ਦੀ ਗਿਣਤੀ 70, ਦਿਵਿਆਂਗ ਵਿਅਕਤੀਆਂ ਲਈ 755 ਵੋਟਰ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਥੇ ਕੁੱਲ 1.56 ਕਰੋੜ ਵੋਟਰ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿਚ 83.76 ਲੱਖ ਪੁਰਸ਼, 72.36 ਲੱਖ ਔਰਤਾਂ ਤੇ 1267 ਥਰਡ ਜੈਂਡਰ ਮਤਦਾਨਾ ਹੈ।
ਦਿੱਲੀ ਵਿਚ ਵੱਖ-ਵੱਖ ਪਾਰਟੀਆਂ ਦੀ ਮਿਲਾ ਕੇ ਕੁੱਲ 699 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ 96 ਔਰਤਾਂ ਹਨ। ਸੱਤਾਧਾਰੀ ਆਪ ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਕਾਂਗਰਸ ਨੇ ਵੀ 70 ਸੀਟਾਂ ‘ਤੇ ਉਮੀਦਵਾਰ ਐਲਾਨੇ ਹਨ। ਭਾਜਪਾ ਨੇ 68 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਦੋ ਸੀਟ ਐੱਲਜੇਪੀ ਰਾਮਵਿਲਾਸ ਤੇ ਜੇਡੀਯੂ ਲਈ ਛੱਡੀਆਂ ਹਨ।