ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਇਸ ਵਾਰ ਚੋਣ ਲੜਨ ਨੂੰ ਲੈ ਕੇ ਕਾਂਗਰਸ ਦੇ ਦੋ ਵਿਧਾਇਕ ਨਵਤੇਜ ਚੀਮਾ ਤੇ ਰਾਣਾ ਗੁਰਜੀਤ ਆਹਮੋ-ਸਾਹਮਣੇ ਹੋ ਸਕਦੇ ਹਨ। ਦਰਅਸਲ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਪਰ ਕਪੂਰਥਲਾ ਹਲਕੇ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਹਲਕੇ ਤੋਂ ਚੋਣ ਲੜਨ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ। ਇੰਦਰ ਪ੍ਰਤਾਪ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸਦਾ ਨਵਤੇਜ ਚੀਮਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਿਆਸੀ ਜੰਗ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਧਾਇਕ ਨਵਤੇਜ ਚੀਮਾ ਦੇ ਪੱਖ ਵਿੱਚ ਖੜ੍ਹਦੇ ਨਜ਼ਰ ਆਏ। ਨਵਜੋਤ ਸਿੱਧੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕਈ ਲੋਕ ਚੀਮਾ ਨੂੰ ਸੁੱਟਣ ਲਈ ਲੱਗੇ ਹਨ ਪਰ ਮੈਂ ਇਸਨੂੰ ਜ਼ਮੀਨ ਨਾਲ ਇਹੋ ਜਿਹਾ ਜੋੜ ਦਿਆਂਗਾ ਕਿ ਕੋਈ ਹਿਲਾ ਨਹੀਂ ਸਕਦਾ। ਸਿੱਧੂ ਨੇ ਕਿਹਾ ਕਿ ਨਵਤੇਜ ਚੀਮਾ ਨੂੰ ਜੜ੍ਹ ਤੋਂ ਉਖਾੜਨ ਵਾਲੇ ਖ਼ੁਦ ਉੱਖੜ ਜਾਣਗੇ ਪਰ ਉਹ ਚੀਮਾ ਨੂੰ ਕੁਝ ਨਹੀਂ ਹੋਣ ਦੇਣਗੇ।
ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਉਸ ਸਮੇਂ ਨਵੀਂ ਕੈਬਨਿਟ ਵਿੱਚ ਸ਼ਾਮਲ ਹੋਣ ਜਾ ਰਹੇ ਰਾਣਾ ਗੁਰਜੀਤ ਦਾ ਵਿਰੋਧ ਕਰਨ ਵਾਲਿਆਂ ਵਿੱਚ ਵਿਧਾਇਕ ਨਵਤੇਜ ਚੀਮਾ ਵੀ ਸ਼ਾਮਲ ਸਨ ਪਰ ਵਿਧਾਇਕਾਂ ਵੱਲੋਂ ਨਵਜੋਤ ਸਿੱਧੂ ਨੂੰ ਭੇਜੀ ਚਿੱਠੀ ਦਾ ਕੋਈ ਖ਼ਾਸ ਅਸਰ ਨਾ ਹੋਇਆ ਤੇ ਰਾਣਾ ਗੁਰਜੀਤ ਨੂੰ ਮੰਤਰੀ ਬਣਾਇਆ ਗਿਆ। ਹੁਣ ਫਿਰ ਸੁਲਤਾਨਪੁਰ ਹਲਕੇ ਤੋਂ ਦੋਵਾਂ ਵਿਧਾਇਕਾਂ ਦਰਮਿਆਨ ਤਕਰਾਰ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਬੀਤੇ ਦਿਨੀਂ ਰਾਣਾ ਗੁਰਜੀਤ ਨੇ ਇਹ ਗੱਲ ਕਹੀ ਸੀ ਕਿ ਉਹ ਉਦੋਂ ਤੱਕ ਸੁਲਤਾਨਪੁਰ ਲੋਧੀ ਹਲਕੇ ‘ਚ ਨਹੀਂ ਜਾਣਗੇ ਜਦੋਂ ਤੱਕ ਰਾਣਾ ਇੰਦਰ ਪ੍ਰਤਾਪ ਆਪਣੇ ਦਮ ‘ਤੇ ਟਿਕਟ ਨਹੀਂ ਲੈ ਲੈਂਦਾ। ਰਾਣਾ ਗੁਰਜੀਤ ਨੇ ਕਿਹਾ ਸੀ ਕਿ ਇਹ ਗੱਲ ਪਾਰਟੀ ਤੈਅ ਕਰੇਗੀ ਕਿ ਟਿਕਟ ਕਿਸ ਨੂੰ ਦੇਣੀ ਹੈ ਤੇ ਕਿਸ ਨੂੰ ਨਹੀਂ।