ਚੰਡੀਗੜ੍ਹ, 5 ਫਰਵਰੀ 2022 – ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀਆਂ ‘ਤੇ ਹਮਲਾ ਕੀਤਾ ਹੈ। ਅਰੂਸਾ ਆਲਮ ਨੇ ਪੰਜਾਬ ‘ਚ ਕਾਂਗਰਸ ਦੇ ਅੰਦਰ ਚੱਲ ਰਹੀ ਗੜਬੜੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਸਨੇ ਇਸਨੂੰ ਪੋਏਟਿਕ ਜਸਟਿਸ ਕਿਹਾ ਹੈ। ਅਰੂਸਾ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੀਆਂ ਚੋਣਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੂਸਾ ਨੇ ਕਿਹਾ ਕਿ ਚਰਨਜੀਤ ਚੰਨੀ ਵਰਗੇ ਕਮਜ਼ੋਰ ਮੁੱਖ ਮੰਤਰੀ ਨੂੰ ਗੈਰ ਲੋਕਤਾਂਤਰਿਕ ਤਰੀਕੇ ਨਾਲ ਬਣਾਇਆ ਗਿਆ ਹੈ। ਅਰੂਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੜਾਕੂ ਕਿਹਾ। ਅਰੂਸਾ ਨੇ ਕਿਹਾ ਕਿ ਕੈਪਟਨ ਸਾਫ ਸੁਥਰੇ ਨੇਤਾ ਹਨ। ਸਿਆਸਤ ਨੂੰ ਉਨ੍ਹਾਂ ਦੀ ਲੋੜ ਹੈ।
ਅਰੂਸਾ ਆਲਮ ਨੇ ਕਿਹਾ ਕਿ ਕਾਂਗਰਸ ਨੇ ਸਭ ਤੋਂ ਪਹਿਲਾਂ ਸੋਚੀ ਸਮਝੀ ਸਾਜ਼ਿਸ਼ ਰਚੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ। ਇਹ ਗੈਰ-ਜਮਹੂਰੀ ਸੀ। ਪਿਛਲੀਆਂ ਚੋਣਾਂ ਵਿੱਚ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਸੀ। ਕਾਂਗਰਸ ਨੇ ਬੇਸ਼ਰਮੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਵਿੱਚ ਛੁਰਾ ਮਾਰਿਆ।
ਅਰੂਸਾ ਆਲਮ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਹੈ। ਹਾਲਾਂਕਿ ਪੰਜਾਬ ‘ਚ ਕੈਪਟਨ ਨੂੰ ਹਟਾ ਕੇ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦਾ ਨਾਂ ਫਿਰ ਤੋਂ ਸਾਹਮਣੇ ਆਇਆ। ਅਸਲ ਹੰਗਾਮਾ ਉਦੋਂ ਹੋਇਆ ਜਦੋਂ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਅਰੂਸਾ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਸੀ।











