ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 1,194 ਹੋ ਗਏ ਹਨ। ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 3 ਮਹੀਨਿਆਂ ਵਿੱਚ 30 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 44 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ। ਜਿਸ ਵਿੱਚ 31 ਨੂੰ ਆਕਸੀਜਨ, 10 ਨੂੰ ਆਈਸੀਯੂ ਅਤੇ 3 ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।
ਸ਼ੁੱਕਰਵਾਰ ਨੂੰ ਪੰਜਾਬ ‘ਚ 24 ਘੰਟਿਆਂ ਦੌਰਾਨ 195 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 40 ਮਾਮਲੇ ਲੁਧਿਆਣਾ ਵਿੱਚ ਪਾਏ ਗਏ। ਹੁਣ ਤੱਕ ਪੰਜਾਬ ਵਿੱਚ ਮੋਹਾਲੀ ਅਤੇ ਲੁਧਿਆਣਾ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਸਨ। ਉਂਜ ਹੁਣ ਬਠਿੰਡਾ ਵੀ ਹੌਟਸਪੌਟ ਬਣਨ ਦੀ ਰਾਹ ’ਤੇ ਹੈ। ਮੁਹਾਲੀ ਵਿੱਚ ਇਸ ਸਮੇਂ 338 ਐਕਟਿਵ ਕੇਸ ਹਨ। ਐਕਟਿਵ ਕੇਸ ਲੁਧਿਆਣਾ ਵਿੱਚ 220 ਅਤੇ ਬਠਿੰਡਾ ਵਿੱਚ 122 ਹੋ ਗਏ ਹਨ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਐਕਟਿਵ ਕੇਸ 100 ਤੋਂ ਘੱਟ ਹਨ।
ਪਿਛਲੇ 3 ਮਹੀਨਿਆਂ ਵਿੱਚ 4105 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 2,930 ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚ ਸਿਹਤ ਮੰਤਰੀ ਦੀ ਕੁਰਸੀ ਖਾਲੀ ਪਈ ਹੈ। ਇਹ ਕੁਰਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਖਾਲੀ ਪਈ ਹੈ। ਜਿਸ ਕਾਰਨ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਹੁੰਦੀ ਨਜ਼ਰ ਨਹੀਂ ਆ ਰਹੀ ਹੈ।












