ਚੰਡੀਗੜ੍ਹ: ਪੰਜਾਬ ਵਿੱਚ ਕਰੋਨਾ ਘਾਤਕ ਹੋ ਗਿਆ ਹੈ। ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਰਹੇ ਹਨ ਪਰ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ‘ਚ ਪਿਛਲੇ 10 ਦਿਨਾਂ ‘ਚ ਕੋਰੋਨਾ ਨਾਲ 286 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 6 ਮੌਤਾਂ ਹੁਸ਼ਿਆਰਪੁਰ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਲੁਧਿਆਣਾ ‘ਚ 5, ਗੁਰਦਾਸਪੁਰ ‘ਚ 3, ਜਲੰਧਰ ਅਤੇ ਮਾਨਸਾ ‘ਚ 2-2, ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਤਰਨਤਾਰਨ ‘ਚ 1-1 ਮੌਤਾਂ ਹੋਈਆਂ ਹਨ।
ਪੰਜਾਬ ਵਿੱਚ ਨਵੇਂ ਮਰੀਜ਼ਾਂ ਨੂੰ ਲੈ ਕੇ ਕੁਝ ਰਾਹਤ ਮਿਲੀ ਹੈ। ਬੁੱਧਵਾਰ ਨੂੰ ਪੰਜਾਬ ਵਿੱਚ 5,136 ਨਵੇਂ ਮਰੀਜ਼ ਸਾਹਮਣੇ ਆਏ, ਜਦੋਂ ਕਿ 7,238 ਮਰੀਜ਼ ਠੀਕ ਹੋ ਗਏ। ਪਿਛਲੇ 4 ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ, ਪੋਜ਼ੀਟਿਵਿਟੀ ਦਰ ਵੀ ਲਗਭਗ 13% ‘ਤੇ ਆ ਗਈ ਹੈ। ਅਜਿਹੇ ‘ਚ ਲੱਗਦਾ ਹੈ ਕਿ ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਕਮਜ਼ੋਰ ਹੁੰਦੀ ਜਾ ਰਹੀ ਹੈ।












