ਮਹਾਮਾਰੀ ਕੋਰੋਨਾ ਦੇ ਨਵੇਂ ਵਾਇਰਸ ਵੇਰੀਐਂਟ ਓਮੀਕ੍ਰੋਨ ਦਾ ਖ਼ਤਰਾ ਦਿਨੋਂ-ਦਿਨ ਵਧ ਰਿਹਾ ਹੈ। ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਪਾਬੰਦੀਆਂ ਤੇ ਲੋਕਡਾਊਨ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ ਵੀ ਇਸ ਦੇ ਦੋ ਮਾਮਲਿਆਂ ਕਾਰਨ ਹਲਚਲ ਮਚ ਗਈ ਹੈ। ਇਹ ਦੋਵੇਂ ਮਾਮਲੇ ਕਰਨਾਟਕ ਵਿੱਚ ਪਾਏ ਗਏ ਹਨ।ਹਾਲਾਂਕਿ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।
ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਦੇ ਅਨੁਸਾਰ, ਇਹ ਦੋਵੇਂ ਕੇਸ ਡੈਲਟਾ ਵੇਰੀਐਂਟ ਨਾਲ ਮੇਲ ਨਹੀਂ ਖਾਂਦੇ ਸਨ। ਇਸ ਦੇ ਮੱਦੇਨਜ਼ਰ ਕੇਂਦਰ ਨੂੰ ਅਲਰਟ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ 66 ਸਾਲਾ ਪੁਰਸ਼ ਹੈ ਜੋ ਦੱਖਣੀ ਅਫ਼ਰੀਕਾ ਦਾ ਨਾਗਰਿਕ ਹੈ। ਉਹ 20 ਨਵੰਬਰ ਨੂੰ ਬੈਂਗਲੁਰੂ ਆਇਆ ਸੀ ਜਿੱਥੇ ਉਸਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਉਸ ਨੂੰ ਇੱਕ ਹੋਟਲ ਵਿੱਚ ਕੁਆਰੰਟੀਨ ਕਰ ਕੇ ਰੱਖਿਆ ਗਿਆ ਸੀ।
ਉਸ ਦਾ 23 ਨਵੰਬਰ ਨੂੰ ਦੁਬਾਰਾ ਟੈਸਟ ਕੀਤਾ ਗਿਆ ਜੋ ਨੈਗੇਟਿਵ ਆਇਆ। ਇਸ ਤੋਂ ਬਾਅਦ 27 ਨਵੰਬਰ ਨੂੰ ਉਹ ਦੁਬਈ ਲਈ ਰਵਾਨਾ ਹੋ ਗਿਆ। ਉਸ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ। ਇਸ ਦੇ ਨਾਲ ਹੀ ਓਮੀਕਰੋਨ ਦਾ ਦੂਜਾ ਮਾਮਲਾ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਵਾਲੇ 46 ਸਾਲਾ ਡਾਕਟਰ ਵਿੱਚ ਪਾਇਆ ਗਿਆ। ਉਸ ਕੋਲ ਕੋਈ ਯਾਤਰਾ ਦਾ ਇਤਿਹਾਸ ਵੀ ਨਹੀਂ ਸੀ।