ਦ੍ਰਿੜ ਇਰਾਦਿਆਂ ਵਾਲੇ ਆਗੂ ਕਦੇ ਵੀ ਸਰਕਾਰਾਂ ਦੇ ਜ਼ਬਰ ਜ਼ੁਲਮਾਂ ਤੋਂ ਘਬਰਾਉਦੇ ਨਹੀਂ ਸਗੋਂ ਹਰ ਹਾਲਾਤਾਂ ’ਚ ਆਪਣੀ ਪਾਰਟੀ ਨਾਲ ਡਟੇ ਰਹਿੰਦੇ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਅੰਤ੍ਰਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨੂੰ ਸਨਮਾਨਤ ਕਰਦਿਆਂ ਕਿਹਾ। ਇਸ ਮੋਕੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵੀ ਖ਼ਾਸ ਤੌਰ ’ਤੇ ਹਾਜ਼ਰ ਸਨ।
ਮਜੀਠੀਆ ਨੇ ਕਿਹਾ ਕਿ ਸਮਾਂ ਅਤੇ ਹਾਲਾਤ ਹਮੇਸ਼ਾਂ ਬਦਲਦੇ ਹੀ ਰਹਿੰਦੇ ਹਨ, ਪਰ ਔਖੇ-ਸੌਖੇ ਹਾਲਾਤਾਂ ’ਚ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਰਹਿਣ ਵਾਲੇ ਆਗੂ ਤੇ ਵਰਕਰ ਹੀ ਸਮਾਂ ਆਉਣ ’ਤੇ ਵੱਡੀਆ ਜ਼ਿੰਮੇਵਾਰੀਆਂ ਸੰਭਾਲਦੇ ਹਨ।ਮਜੀਠੀਆ ਨੇ ਕਿਹਾ ਕਿ ਸਰਕਾਰਾਂ ਦੀ ਘੂਰੀ ਤੋਂ ਡਰ ਕੇ ਝੁੱਕ ਜਾਣ ਵਾਲੇ ਆਗੂ ਸਮਾਜ ’ਚ ਆਪਣਾ ਵਜੂਦ ਤੇ ਪਾਰਟੀ ਲੀਡਰਸ਼ਿਪ ’ਚ ਭਰੋਸਾ ਗੁਆ ਬੈਠਦੇ ਹਨ। ਇਸ ਮੌਕੇ ’ਤੇ ਮਜੀਠੀਆ ਨੇ ਹਰਜਾਪ ਸਿੰਘ ਸੁਲਤਾਨਵਿੰਡ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਲਤਾਨਵਿੰਡ ਵਲੋਂ ਪਾਰਟੀ ਤੇ ਪੰਥ ਪ੍ਰਤੀ ਨਿਭਾਈ ਗਈ ਵਫ਼ਾਦਾਰੀ ਦਾ ਹੀ ਸਿੱਟਾ ਹੈ ਕਿ ਅੱਜ ਉਨ੍ਹਾਂ ਨੂੰ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦਾ ਅੰਤ੍ਰਿੰਗ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ।
ਇਸ ਮੌਕੇ ’ਤੇ ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਥੀ ਮੈਂਬਰਾ ਦੇ ਸਹਿਯੋਗ ਨਾਲ ਗੁਰਧਾਮਾਂ ਦੇ ਪ੍ਰਬੰਧਾ ’ਚ ਹੋਰ ਵਧੇਰੇ ਸੁਧਾਰ ਕਰਨ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪਸਾਰ ’ਚ ਕੋਈ ਕਸਰ ਨਹੀ ਛੱਡਣਗੇਂ। ਇਸ ਸਮੇਂ ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਜਰਮਨਜੀਤ ਸਿੰਘ ਸੁਲਤਾਨਵਿੰਡ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।