ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਰੂਪ ਓਮੀਕ੍ਰੋਨ ਵਿਸ਼ਵ ਭਰ ਵਿੱਚ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ।29 ਨਵੰਬਰ ਨੂੰ ਪੰਜਾਬ ‘ਚ 325 ਐਕਟਿਵ ਕੇਸ ਸਨ, ਜੋ 2 ਦਸੰਬਰ ਤਕ ਵੱਧ ਕੇ 344 ਹੋ ਗਏ ਹਨ। ਹੁਣ ਸੂਬੇ ‘ਚ 55 ਮਰੀਜ਼ ਸੇਵਿਗ ਸਪੋਰਟ ‘ਤੇ ਹਨ। ਪੰਜਾਬ ‘ਚ ਓਮੀਕ੍ਰੋਨ ਦਾ ਖ਼ਤਰਾ ਵਧ ਗਿਆ ਹੈ, ਕਿਉਂਕਿ ਵਿਆਹਾਂ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ‘ਚ ਪਰਵਾਸੀ ਭਾਰਤੀ ਘਰ ਪਰਤੇ ਹਨ।
ਹੁਣ ਸਿਹਤ ਵਿਭਾਗ ਚੌਕਸ ਹੋ ਕੇ ਇਨ੍ਹਾਂ ਯਾਤਰੀਆਂ ਦੀ ਨਿਗਰਾਨੀ ਕਰ ਰਿਹਾ ਹੈ। ਪੰਜਾਬ ‘ਚ ਹੁਣ ਤਕ 1.62 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚ 6 ਲੱਖ 3 ਹਜ਼ਾਰ 352 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 5 ਲੱਖ 86 ਹਜ਼ਾਰ 402 ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ 16 ਹਜ਼ਾਰ 606 ਲੋਕਾਂ ਦੀ ਮੌਤ ਹੋ ਚੁੱਕੀ ਹੈ। 38 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 14 ਮਰੀਜ਼ ਕ੍ਰਿਟੀਕਲ ਕੇਅਰ ਤੇ 3 ਵੈਂਟੀਲੇਟਰ ‘ਤੇ ਹਨ।ਓਮੀਕ੍ਰੋਨ ਦਾ ਖ਼ਤਰਾ ਵੇਖਦੇ ਹੋਏ ਸਿਹਤ ਮੰਤਰੀ ਤੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਰੋਜ਼ਾਨਾ 40 ਹਜ਼ਾਰ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ ਪਰ ਇਸ ਸਮੇਂ ਲਗਪਗ 25 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸਿਹਤ ਵਿਭਾਗ ਰੋਜ਼ਾਨਾ 16 ਤੋਂ 17 ਹਜ਼ਾਰ ਟੈਸਟ ਕਰ ਰਿਹਾ ਸੀ।ਸਿਹਤ ਵਿਭਾਗ ਮੁਤਾਬਕ ਸੂਬੇ ਦੇ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਇਨ੍ਹਾਂ ‘ਚ ਬਰਨਾਲਾ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਕਪੂਰਥਲਾ, ਮੋਗਾ, ਮੁਕਤਸਰ, ਰੋਪੜ, ਸੰਗਰੂਰ ਤੇ ਐਸਬੀਐਸ ਨਗਰ ਸ਼ਾਮਲ ਹਨ।ਦੱਸ ਦਈਏ ਕਿ ਪਿਛਲੇ ਮਹੀਨੇ ਦੇ ਅੰਤ ‘ਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਇੱਥੇ ਕੋਵਿਡ ਦੇ ਨਵੇਂ ਰੂਪ ਦਾ ਪਤਾ ਲੱਗਿਆ ਸੀ। ਇੱਥੇ ਇਹ ਘੱਟੋ-ਘੱਟ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਧਾਨ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਪਹਿਲਾਂ ਹੀ ਇਸ ਦੇ ਦੂਜੇ ਦੇਸ਼ਾਂ ਵਿੱਚ ਫੈਲਣ ਦੀ ਸੰਭਾਵਨਾ ਜਤਾਈ ਹੈ।