ਗੜ੍ਹਦੀਵਾਲਾ ਦੇ ਪਿੰਡ ਰਾਮਟੁਟਵਾਲੀ ਦੀ ਇਕ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਦੁਖ਼ੀ ਹੋ ਕੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਹਰਮੇਲ ਸਿੰਘ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਛੋਟੀ ਕੁੜੀ ਸੁਮਨਦੀਪ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਸਰਬਜੀਤ ਸਿੰਘ ਪੁੱਤਰ ਅਸ਼ਵਨੀ ਕੁਮਾਰ ਵਾਸੀ ਰਾਮਟੁਟਵਾਲੀ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਅਜੇ ਤੱਕ ਕੋਈ ਬੱਚਾ ਨਹੀਂ ਸੀ, ਜਿਸ ਕਰਕੇ ਸੁਮਨਦੀਪ ਕੌਰ ਦਾ ਪਤੀ ਸਰਬਜੀਤ ਸਿੰਘ, ਸੱਸ ਸਰਿਸ਼ਟਾ ਦੇਵੀ ਅਤੇ ਸਹੁਰਾ ਅਸ਼ਵਨੀ ਕੁਮਾਰ ਤਾਹਨੇ-ਮਿਹਣੇ ਮਾਰਦੇ ਅਤੇ ਕੁੱਟਮਾਰ ਕਰਦੇ ਸੀ।
ਇਸ ਸਬੰਧੀ ਮੇਰੀ ਕੁੜੀ ਨੇ ਕਈ ਵਾਰ ਮੈਨੂੰ ਆਪਣੇ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਸਬੰਧੀ ਦੱਸਿਆ ਗਿਆ ਕਿ ਉਹ ਬਹੁਤ ਤੰਗ ਪ੍ਰੇਸ਼ਾਨ ਹਾਂ, ਉਸਨੇ ਕਿਹਾ ਉਸਨੇ ਆਪਣੀ ਕੁੜੀ ਨੂੰ ਬਹੁਤ ਸਮਝਾਇਆ ਪਰ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਵਾਰ-ਵਾਰ ਤਾਹਣੇ-ਮਿਹਣੇ ਮਾਰ ਕੇ ਬਹੁਤ ਬਹੁਤ ਜਲੀਲ ਕੀਤਾ ਜਾ ਰਿਹਾ ਸੀ, ਜਿਸ ਕਰਕੇ ਮੇਰੀ ਕੁੜੀ ਸੁਮਨਦੀਪ ਕੌਰ ਵੱਲੋਂ 1 ਦਸੰਬਰ ਨੂੰ ਖ਼ੁਦ ਨੂੰ ਅੱਗ ਲਾ ਲਈ ਗਈ, ਜਿਸ ਦੀ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਇਲਾਜ ਦੌਰਾਨ 2 ਦਸਬੰਰ ਨੂੰ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵੱਲੋਂ ਮ੍ਰਿਤਕ ਕੁੜੀ ਸੁਮਨਦੀਪ ਕੌਰ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਸੱਸ ਅਤੇ ਸਹੁਰੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।