ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨੂੰ ਫੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਫੜੇ ਗਏ ਗਰੋਹ ਦੇ ਮੈਂਬਰ ਨਸ਼ਾ ਤਸਕਰਾਂ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਉਰਫ਼ ਸੰਨੀ ਦਿਆਲ ਦੇ ਕਰੀਬੀ ਦੱਸੇ ਜਾਂਦੇ ਹਨ, ਜੋ ਉਨ੍ਹਾਂ ਦੇ ਕਹਿਣ ‘ਤੇ ਨਸ਼ੇ ਦੀ ਤਸਕਰੀ ਕਰਦੇ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੋਸਟ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ ਅਤੇ ਵਿਦੇਸ਼ੀ ਅਧਾਰਤ ਚੋਟੀ ਦੇ ਨਸ਼ਾ ਤਸਕਰ ਭੋਲੂ ਅਤੇ ਸੰਨੀ ਦਿਆਲ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਇੱਕ ਸੰਗਠਿਤ ਅਪਰਾਧ ਸਿੰਡੀਕੇਟ ਚਲਾਉਣ ਲਈ ਵਿਦੇਸ਼ੀ ਹੈਂਡਲਰਾਂ ਅਤੇ ਦੋ ਆਪਰੇਟਿਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ 1.07 ਕਰੋੜ ਰੁਪਏ ਦੀ ਡਰੱਗ ਮਨੀ, 1 ਪੈਸੇ ਕਾਊਂਟਿੰਗ ਮਸ਼ੀਨ, 1 ਕਾਰ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਦੇ ਫੋਨ ਸਾਈਬਰ ਕਰਾਈਮ ਸੈੱਲ ਨੂੰ ਸੌਂਪ ਦਿੱਤੇ ਹਨ। ਸ਼ੁਰੂਆਤੀ ਡੇਟਾ ਐਕਸਟਰੈਕਟ ਕਰਨ ਤੋਂ ਬਾਅਦ, ਮੁਲਜ਼ਮਾਂ ਦੇ ਫੋਨ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ, ਤਾਂ ਜੋ ਵਿਸਥਾਰਪੂਰਵਕ ਡੇਟਾ ਕੱਢਿਆ ਜਾ ਸਕੇ। ਜਿਸ ਤੋਂ ਬਾਅਦ ਇਸ ਮਾਮਲੇ ‘ਚ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।











