ਕਪੂਰਥਲਾ, 4 ਦਸੰਬਰ 2023 – ਕਪੂਰਥਲਾ ਮਾਡਰਨ ਜੇਲ੍ਹ ‘ਚ ਬੰਦ ਦੋ ਕੈਦੀਆਂ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਮੌਤ ਹੋ ਗਈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ।
ਜਿੱਥੇ ਡਿਊਟੀ ਡਾਕਟਰ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਡਿਊਟੀ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕੋਤਵਾਲੀ ਦੀ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਮ੍ਰਿਤਕ ਕੈਦੀਆਂ ਦੀ ਪਛਾਣ ਹਰੀਚੰਦ ਪੁੱਤਰ ਸ਼ਾਮ ਚੰਦ ਵਾਸੀ ਦੀਪ ਨਗਰ, ਨੇੜੇ ਗਿੱਲ ਚੌਕ, ਲੁਧਿਆਣਾ ਅਤੇ ਸੋਹਣ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਲਾ ਬਗੜੀਆ ਵਜੋਂ ਹੋਈ ਹੈ।
ਮ੍ਰਿਤਕ ਹਰੀਚੰਦ ਦੇ ਪੁੱਤਰ ਸੰਤੀ ਕੁਮਾਰ ਅਨੁਸਾਰ ਉਸ ਦਾ ਪਿਤਾ ਐਨਡੀਪੀਐਸ ਕੇਸ ਵਿੱਚ ਪਿਛਲੇ 6 ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਹ ਸ਼ੂਗਰ ਤੋਂ ਪੀੜਤ ਸੀ। ਪਰ ਉਸ ਦੀ ਸਿਹਤ ਬਿਲਕੁਲ ਠੀਕ ਸੀ। ਉਸ ਨਾਲ ਕੁਝ ਦਿਨ ਪਹਿਲਾਂ ਹੀ ਗੱਲ ਹੋਈ ਸੀ, ਉਸ ਸਮੇਂ ਉਹ ਬਿਲਕੁਲ ਠੀਕ ਸੀ ਅਤੇ ਉਸ ਨੂੰ ਦਵਾਈ ਭੇਜਣ ਲਈ ਕਹਿ ਰਿਹਾ ਸੀ। ਜੇਲ੍ਹ ਵਿੱਚ ਦਵਾਈਆਂ ਵੀ ਠੀਕ ਤਰ੍ਹਾਂ ਉਪਲਬਧ ਨਹੀਂ ਹਨ।
ਐਤਵਾਰ ਨੂੰ ਉਸ ਨੂੰ ਫ਼ੋਨ ਆਇਆ ਕਿ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਉਹ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਸ ਦੇ ਪਿਤਾ ਨੂੰ ਸਮੇਂ ਸਿਰ ਦਵਾਈ ਮਿਲ ਜਾਂਦੀ ਅਤੇ ਸਮੇਂ-ਸਮੇਂ ’ਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਜਾਂਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਦੂਜਾ ਬੰਦੀ ਸੋਹਨ ਸਿੰਘ ਚੋਰੀ ਦੇ ਇੱਕ ਕੇਸ ਵਿੱਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਵਿੱਚ ਸੀ ਅਤੇ ਟੀਬੀ ਦਾ ਮਰੀਜ਼ ਸੀ। ਸ਼ਨੀਵਾਰ ਦੇਰ ਰਾਤ ਉਸ ਦੀ ਸਿਹਤ ਅਚਾਨਕ ਵਿਗੜ ਗਈ।