ਪੰਜਾਬ ਵਿੱਚ ਬਿਜਲੀ ਸੰਕਟ ਦਿਨੋ ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਕਰੀਬ 46 ਡਿਗਰੀ ਤਾਪਮਾਨ ਦੇ ਬਾਵਜੂਦ 12 ਘੰਟੇ ਤੱਕ ਕੱਟ ਲੱਗ ਰਹੇ ਹਨ। ਸ਼ਹਿਰਾਂ ਵਿੱਚ 4 ਤੋਂ 5 ਅਤੇ ਪਿੰਡਾਂ ਵਿੱਚ 10 ਤੋਂ 12 ਘੰਟੇ ਤਕ ਦਾ ਬਿਜਲੀ ਦਾ ਕੱਟ ਲੱਗ ਰਿਹਾ ਹੈ। ਇਸ ਸਬੰਧੀ ਹੁਣ ‘ਆਪ’ ਸਰਕਾਰ ਦੀ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਅਨਮੋਲ ਗਗਨ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ” ਪੂਰਾ ਦੇਸ਼ ਇਸ ਸਮੇਂ ਬਿਜਲੀ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਕੋਲੇ ਦੀ ਘਾਟ ਨੂੰ ਕੇਂਦਰ ਦੁਆਰਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਰਾਜ ਸਰਕਾਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਇੰਨੇ ਗਰਮ ਮੌਸਮ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।”
ਦੱਸ ਦਈਏ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। 5 ਥਰਮਲ ਪਲਾਂਟਾਂ ਵਿੱਚੋ 4 ਯੂਨਿਟ ਚ ਖਰਾਬੀ ਹੋਣ ਕਾਰਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੰਗ ਅਤੇ ਸਪਲਾਈ ਵਿੱਚ ਕਰੀਬ 1200 ਮੈਗਾਵਾਟ ਦਾ ਅੰਤਰ ਹੈ। 4 ਸਾਲਾਂ ‘ਚ ਇਹ ਪਹਿਲੀ ਵਾਰ ਹੈ ਜਦੋਂ ਇਨ੍ਹੀਂ ਦਿਨੀਂ ਇੰਨੀ ਜ਼ਿਆਦਾ ਮੰਗ ਆਈ ਹੈ। ਉਧਰ, ਬਿਜਲੀ ਮੰਤਰੀ ਨੇ ਕਿਹਾ ਕਿ 26 ਅਪ੍ਰੈਲ ਨੂੰ ਤਕਨੀਕੀ ਖ਼ਰਾਬੀ ਕਾਰਨ 800 ਮੈਗਾਵਾਟ ਦੇ ਤਲਵੰਡੀ ਅਤੇ ਰੋਪੜ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਸਨ। ਜਿਸ ਕਾਰਨ ਸੂਬੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।











