ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਹੋਲੇ-ਮਹੱਲੇ ਦਾ ਪਵਿੱਤਰ ਤਿਉਹਾਰ ਸ਼ਰਧਾ ਭਾਵਨਾ ਨਾਲ ਸਮਾਪਤ ਹੋ ਗਿਆ। ਮਹੱਲੇ ਦੇ ਆਖਰੀ ਦਿਨ ਚਰਨ ਗੰਗਾ ਸਟੇਡੀਅਮ ਵਿਖੇ ਬਹਾਦਰੀ ਨਾਲ ਡਿਊਟੀ ਨਿਭਾਉਂਦੇ ਹੋਏ 8 ਨਿਹੰਗ ਸਿੰਘ ਜ਼ਖਮੀ ਹੋ ਗਏ ਜਦਕਿ ਇਕ ਨਿਹੰਗ ਸਿੰਘ ਵਲੋਂ ਚਲਾਇਆ ਗਿਆ ਤੀਰ ਇੱਕ ਸ਼ਰਧਾਲੂ ਦੀ ਛਾਤੀ ਵਿੱਚ ਲੱਗਿਆ । ਉਸ ਨੂੰ ਆਨੰਦਪੁਰ ਸਾਹਿਬ ਦੇ ਭਾਈ ਜਨਤਾ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਸਥਾਨਕ ਚਰਨ ਗੰਗਾ ਸਟੇਡੀਅਮ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਘੋੜ ਸਵਾਰੀ ਅਤੇ ਜੰਗੀ ਨਾਚਾਂ ਦਾ ਪ੍ਰਦਰਸ਼ਨ ਵਿਸ਼ੇਸ਼ ਸੀ। ਚਰਨ ਗੰਗਾ ਸਟੇਡੀਅਮ ਦੀ ਗੱਲ ਕਰੀਏ ਤਾਂ ਉਸ ਸਥਾਨ ‘ਤੇ ਨਿਹੰਗ ਸਿੰਘ ਆਪਣੀ ਲੜਾਈ ਦੇ ਹੁਨਰ ਦੇ ਜੌਹਰ ਦਿਖਾਉਂਦੇ ਸਨ ਅਤੇ ਘੋੜ ਸਵਾਰੀ ਵੀ ਕਰਦੇ ਸਨ ਪਰ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੇ ਰਾਹ ‘ਚ ਰੁਕਾਵਟ ਪੈਦਾ ਹੋਣ ਕਾਰਨ ਕਿਤੇ ਨਾ ਕਿਤੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅੱਜ ਅੱਧੀ ਦਰਜਨ ਤੋਂ ਵੱਧ ਜ਼ਖ਼ਮੀਆਂ ਦੇ ਮਾਮਲੇ ਸਾਹਮਣੇ ਆਏ।
ਜੰਗੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਨਿਹੰਗ ਸਿੰਘ ਘੋੜੇ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਸਵਾਲ ਇਹ ਹੈ ਕਿ ਜਦੋਂ ਨਿਹੰਗ ਸਿੰਘ ਮਾਰਸ਼ਲ ਆਰਟ ਕਰ ਰਹੇ ਹਨ ਤਾਂ ਜਗ੍ਹਾ ਲਗਭਗ ਖਾਲੀ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਉਸ ਦੇ ਰਾਹ ਵਿਚ ਨਾ ਆਉਣ ਅਤੇ ਹਾਦਸੇ ਨਾ ਵਾਪਰਨ।