ਬਟਾਲਾ ਦੇ ਨਜਦੀਕੀ ਪਿੰਡ ਡੇਹਰੀਵਾਲ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ‘ਚ 15 ਸਾਲਾਂ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਰਹਿਣ ਵਾਲੇ 62 ਸਾਲਾਂ ਵਿਅਕਤੀ ਨੇ ਜਬਰਦਸਤੀ ਕੀਤੀ । ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਨੇ ਆਈ ਪੀ ਸੀ ਦੀ ਧਾਰਾ 376 ,511 ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਹੈ। ਫਿਲਹਾਲ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵਲੋਂ ਆਰੋਪੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤ ਲੜਕੀ ਅਤੇ ਉਸਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਪੀੜਤ ਲੜਕੀ ਦੀ ਮਾਤਾ ਆਂਗਣਵਾੜੀ ਵਰਕਰ ਅਤੇ ਪਿਤਾ ਮੇਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਘਟਨਾ ਉਸ ਵੇਲੇ ਵਾਪਰੀ ਜਦੋ ਮਾਤਾ ਅਤੇ ਪਿਤਾ ਆਪਣੇ ਕੰਮ ਤੇ ਗਏ ਹੋਏ ਸੀ ਅਤੇ ਪੀੜਤ ਲੜਕੀ ਘਰ ਵਿੱਚ ਇਕੱਲੀ ਸੀ। ਉਸ ਵੇਲੇ ਆਰੋਪੀ ਜੋਗਿੰਦਰ ਪਾਲ ਜੋ ਪਿੰਡ ਵਿੱਚ ਰਾਸ਼ਨ ਡਿਪੂ ਚਲਾਉਂਦਾ ਹੈ, ਉਹ ਘਰ ਆਇਆ ਅਤੇ ਬੇਟੀ ਨੂੰ ਇਕੱਲੇ ਦੇਖਦੇ ਹੋਏ ਉਸ ਨਾਲ ਜਬਰਦਸਤੀ ਕੀਤੀ। ਜਦੋਂ ਓਹਨਾ ਦੀ ਛੋਟੀ ਬੇਟੀ ਘਰੇ ਆਈ ਤਾਂ ਉਸਨੇ ਪੀੜਤ ਬੇਟੀ ਨੂੰ ਰੋਂਦੇ ਹੋਏ ਦੇਖਿਆ ਤਾਂ ਜਦੋ ਮਾਤਾ ਵਾਪਿਸ ਘਰ ਆਈ ਤਾਂ ਬੇਟੀ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਤਾਂ ਪਰਿਵਾਰ ਨੇ ਉਸੇ ਸਮੇਂ 112 ਤੇ ਕਾਲ ਕਰਦੇ ਹੋਏ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਬਿਆਨ ਦਰਜ ਕਰਦੇ ਹੋਏ ਉਕਤ ਆਰੋਪੀ ਤੇ 376 ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਉਹਨਾਂ ਕਿਹਾ ਕਿ ਆਰੋਪੀ ਫਰਾਰ ਹੈ ਉਸਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂਕਿ ਪਿੰਡ ਦੀ ਕਿਸੇ ਹੋਰ ਬੇਟੀ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
ਇਸ ਕੇਸ ਦੀ ਜਾਂਚ ਕਰ ਰਹੇ ਸੰਬੰਧਿਤ ਥਾਣੇ ਦੇ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਆਈ ਪੀ ਸੀ ਦੀ ਧਾਰਾ 376 ਅਤੇ 511 ਦੇ ਤਹਿਤ ਕੇਸ ਦਰਜ ਕੀਤਾ ਜਾ ਚੁੱਕਿਆ ਹੈ ਆਰੋਪੀ ਫਰਾਰ ਹੈ ਅਤੇ ਉਸਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।












