- ਮਾਪਿਆਂ ਵੱਲੋਂ ਕਤਲ ਕੀਤੇ ਜਾਣ ਦਾ ਸ਼ੱਕ
ਬਰਨਾਲਾ, 26 ਅਕਤੂਬਰ 2023 – ਪਿੰਡ ਪੱਖੋ ਕਲਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦ ਬਾਸੋ ਪੱਤੀ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਦੀ ਲਮਕਦੀ ਹੋਈ ਲਾਸ਼ ਵੇਖੀ ਗਈ । ਜਾਣਕਾਰੀ ਅਨੁਸਾਰ ਜਦ ਦਸ ਵਜੇ ਦੇ ਕਰੀਬ ਸ਼ਮਸ਼ਾਨ ਘਾਟ ਬੱਕਰੀਆਂ ਵਾਲੇ ਚਰਵਾਹੇ ਦਾਖਲ ਹੋਏ ਤਾਂ ਉਨ੍ਹਾਂ ਵੇਖਿਆ ਕਿ ਸ਼ਮਸ਼ਾਨ ਘਾਟ ਦੇ ਵਰਾਂਡੇ ਦੇ ਲੈਂਟਰ ਨਾਲ ਇੱਕ ਨੌਜਵਾਨ ਦੀ ਲਾਸ਼ ਲਮਕ ਰਹੀ ਸੀ ।
ਉਨ੍ਹਾਂ ਇਸ ਸਬੰਧੀ ਆਸ ਪਾਸ ਦੇ ਘਰਾਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਆਕੇ ਉਕਤ ਨੌਜਵਾਨ ਦੀ ਸ਼ਨਾਖਤ ਮੇਵਾ ਸਿੰਘ (20) ਉਰਫ ਹਨੀ ਪੁੱਤਰ ਪਰਗਟ ਸਿੰਘ ਵਾਸੀ ਪੱਖੋ ਕਲਾਂ ਵੱਜੋਂ ਕੀਤੀ । ਡੀ.ਐਸ.ਪੀ ਤਪਾ ਮਾਨਵਜੀਤ ਸਿੰਘ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਥਾਣਾ ਰੂੜੇਕੇ ਕਲਾਂ ਦੇ ਮੁਲਾਜ਼ਮਾਂ ਏ.ਐਸ.ਆਈ ਸਤਨਾਮ ਸਿੰਘ , ਏ.ਐਸ.ਆਈ. ਗੁਰਮੇਲ ਸਿੰਘ ਆਦਿ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਹੈ ।
ਮ੍ਰਿਤਕ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੇਵਾ ਸਿੰਘ ਬੀਤੀ ਸਾਮ ਦੁਸ਼ਹਿਰਾ ਵੇਖਣ ਲਈ ਤਪਾ ਮੰਡੀ ਜਾਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ । ਉਨ੍ਹਾਂ ਵੱਲੋਂ ਦੇਰ ਰਾਤ ਤੱਕ ਉਸ ਨੂੰ ਫੋਨ ਕੀਤਾ ਗਿਆ ਪਰ ਉਸ ਨੇ ਚੁੱਕਿਆ ਨਹੀਂ ਅਤੇ ਸਵੇਰੇ ਛੇ ਵਜੇ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ । ਉਨ੍ਹਾਂ ਖਦਸ਼ਾ ਜਾਹਰ ਕੀਤਾ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਡੀ. ਐਸ.ਪੀ. ਤਪਾ ਮਾਨਵਜੀਤ ਸਿੰਘ ਨੇ ਕਿਹਾ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਾਰੀ ਸਚਾਈ ਸਾਹਮਣੇ ਲਿਆਂਦੀ ਜਾਵੇਗੀ।