ਭਾਰਤੀ ਸ਼ੇਅਰ ਬਾਜ਼ਾਰ ਹੁਣ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ। ਭਾਰਤ ਨੇ ਹੌਂਗਕੌਗ ਸ਼ੇਅਰ ਬਾਜ਼ਾਰ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ।
ਬਲੂਮਬਰਗ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਹੌਂਗਕੌਗ ਸਟਾਕ ਮਾਰਕੀਟ ਵਿੱਚ ਸੂਚੀਬੱਧ ਸ਼ੇਅਰਾਂ ਦੀ ਕੁੱਲ ਕੀਮਤ 4.29 ਟ੍ਰਿਲੀਅਨ ਡਾਲਰ ਹੈ, ਜਦਕਿ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 4.33 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ।
ਇਸ ਦੇ ਨਾਲ ਹੀ, ਅਮਰੀਕਾ ਇਸ ਸਮੇਂ 50.86 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਤੋਂ ਬਾਅਦ ਚੀਨ 8.44 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਦੇ ਨਾਲ ਦੂਜੇ ਸਥਾਨ ‘ਤੇ ਹੈ ਅਤੇ ਜਾਪਾਨ 6.36 ਟ੍ਰਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ ‘ਤੇ ਹੈ।
ਹੌਂਗਕੌਗ ਦੇ ਹੈਂਗ ਸੇਂਗ ਦੀ ਮਾਰਕੀਟ ਕੈਪ ‘ਚ ਲਗਾਤਾਰ ਚੌਥੇ ਸਾਲ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਚੀਨ ਦੇ ਸ਼ੰਘਾਈ ਸਟਾਕ ਐਕਸਚੇਂਜ ‘ਚ ਲਗਾਤਾਰ ਦੂਜੇ ਸਾਲ ਗਿਰਾਵਟ ਦੇਖਣ ਨੂੰ ਮਿਲੀ।
ਬੀਜਿੰਗ ਦੀਆਂ ਸਖਤ ਕੋਵਿਡ-19 ਪਾਬੰਦੀਆਂ ਅਤੇ ਭੂ-ਰਾਜਨੀਤਿਕ ਤਣਾਅ ਸਮੇਤ ਹੋਰ ਕਾਰਨਾਂ ਕਾਰਨ ਚੀਨ ਦਾ ਬਾਜ਼ਾਰ ਗਿਰਾਵਟ ‘ਚ ਰਿਹਾ ਹੈ। ਉਥੇ ਹੀ ਦੂਜੇ ਪਾਸੇ ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਨਵੀਆਂ ਉਚਾਈਆਂ ਬਣਾ ਰਿਹਾ ਹੈ।
ਚੋਣ ਤੋਂ ਪਹਿਲਾਂ ਦੀ ਮਜ਼ਬੂਤ ਭਾਵਨਾ, ਮੈਕਰੋ-ਆਰਥਿਕ ਸਥਿਤੀਆਂ ਵਿੱਚ ਸੁਧਾਰ ਅਤੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਲਗਾਤਾਰ 8ਵਾਂ ਸਾਲ ਹੈ ਜਦੋਂ ਭਾਰਤੀ ਬਾਜ਼ਾਰ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਲਗਾਤਾਰ ਵਾਧੇ ਕਾਰਨ ਭਾਰਤੀ ਸਟਾਕ ਮਾਰਕੀਟ ਦਾ ਮਾਰਕੀਟ ਕੈਪ 29 ਨਵੰਬਰ 2023 ਨੂੰ ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਯਾਨੀ ਲਗਭਗ 333 ਟ੍ਰਿਲੀਅਨ ਰੁਪਏ ਨੂੰ ਪਾਰ ਕਰ ਗਿਆ ਸੀ।
ਮਈ 2007 ਵਿੱਚ, BSE ਸੂਚੀਬੱਧ ਕੰਪਨੀਆਂ ਨੇ $1 ਟ੍ਰਿਲੀਅਨ ਮਾਰਕੀਟ ਕੈਪ ਦਾ ਮੀਲ ਪੱਥਰ ਪ੍ਰਾਪਤ ਕੀਤਾ।
ਇਸ ਨੂੰ ਦੁੱਗਣਾ ਕਰਨ ਲਈ 10 ਸਾਲ ਲੱਗ ਗਏ। ਜੁਲਾਈ 2017 ਵਿੱਚ ਮਾਰਕੀਟ ਕੈਪ $2 ਟ੍ਰਿਲੀਅਨ ਤੱਕ ਪਹੁੰਚ ਗਿਆ।
ਮਈ 2021 ਵਿੱਚ ਮਾਰਕੀਟ ਕੈਪ $3 ਟ੍ਰਿਲੀਅਨ ਤੱਕ ਪਹੁੰਚ ਗਿਆ। ਜੋ ਹੁਣ $4.33 ਟ੍ਰਿਲੀਅਨ ਦੇ ਨਾਲ ਚੌਥਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ।
2023 ਵਿੱਚ ਸੈਂਸੈਕਸ ਵਿੱਚ 18% ਤੋਂ ਵੱਧ ਅਤੇ ਨਿਫਟੀ ਵਿੱਚ ਲਗਭਗ 20% ਦਾ ਵਾਧਾ ਹੋਇਆ ਹੈ। ਜਦਕਿ ਬੀਐਸਈ ਮਿਡਕੈਪ ਨੇ 45.5% ਦੀ ਰਿਟਰਨ ਦਿੱਤੀ ਹੈ ਅਤੇ ਸਮਾਲਕੈਪ ਨੇ 47.5% ਦੀ ਛਾਲ ਦਿੱਤੀ ਹੈ।












