ਟਾਟਾ ਮੋਟਰਜ਼ ਨੇ ਭਾਵ 10 ਦਸੰਬਰ (ਐਤਵਾਰ) ਨੂੰ ਆਪਣੇ ਸਾਰੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਵਧੀਆਂ ਕੀਮਤਾਂ 1 ਜਨਵਰੀ 2024 ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਆਪਣੀ ਐਕਸਚੇਂਜ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ ਹੈ।
ਟਾਟਾ ਮੋਟਰਜ਼ ਨੇ ਕਿਹਾ ਕਿ ਕੰਪਨੀ ਇਹ ਫੈਸਲਾ ਇਨਪੁਟ ਲਾਗਤ ਵਧਣ ਕਾਰਨ ਲੈ ਰਹੀ ਹੈ। ਕੰਪਨੀ ਨੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਵੀ ਐਲਾਨ ਕੀਤਾ ਹੈ। ਪਰ ਕੀਮਤਾਂ ਵਿੱਚ ਕਿੰਨਾ ਵਾਧਾ ਹੋਵੇਗਾ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੰਭਵ ਹੈ ਕਿ ਇਸ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੀਆਂ ਲਗਭਗ ਸਾਰੀਆਂ ਆਟੋਮੋਬਾਈਲ ਕੰਪਨੀਆਂ ਨੇ ਨਵੇਂ ਸਾਲ ਤੋਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਦੇ ਪੋਰਟਫੋਲੀਓ ਵਿੱਚ ਹੈਚਬੈਕ ਕਾਰ Tiago ਤੋਂ ਲੈ ਕੇ ਸਪੋਰਟਸ ਯੂਟੀਲਿਟੀ ਵ੍ਹੀਕਲ (SUV) Safari ਸ਼ਾਮਲ ਹੈ। ਇਨ੍ਹਾਂ ਦੀ ਕੀਮਤ 5.6 ਲੱਖ ਤੋਂ 25.94 ਲੱਖ ਰੁਪਏ ਦੇ ਵਿਚਕਾਰ ਹੈ।
ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਇੰਡੀਆ ਨੇ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ ਜਨਵਰੀ ਤੋਂ ਭਾਰਤ ‘ਚ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ 2 ਫੀਸਦੀ ਦਾ ਵਾਧਾ ਕਰੇਗੀ। ਕੰਪਨੀ ਨੇ ਕੀਮਤਾਂ ‘ਚ ਵਾਧੇ ਦਾ ਕਾਰਨ ਇਨਪੁਟ ਅਤੇ ਸੰਚਾਲਨ ਲਾਗਤ ਵਧਣ ਨੂੰ ਦੱਸਿਆ ਹੈ।
ਨਵੀਆਂ ਕੀਮਤਾਂ 1 ਜਨਵਰੀ 2024 ਤੋਂ ਸਾਰੇ ਮਾਡਲਾਂ ‘ਤੇ ਲਾਗੂ ਹੋਣਗੀਆਂ।ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, “ਸਪਲਾਈ ਚੇਨ ਨਾਲ ਸਬੰਧਤ ਇਨਪੁਟਸ ਅਤੇ ਸੰਚਾਲਨ ਲਾਗਤਾਂ ਦੇ ਕਾਰਨ, ਅਸੀਂ ਬ੍ਰਾਂਡ ਦੀ ਪ੍ਰੀਮੀਅਮ ਕੀਮਤ ਸਥਿਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਮਾਡਲਾਂ ਵਿੱਚ ਕੀਮਤਾਂ ਵਿੱਚ ਸੁਧਾਰ ਕੀਤੇ ਹਨ।” ਔਡੀ ਇੰਡੀਆ ਭਾਰਤ ਵਿੱਚ Q3 SUV ਤੋਂ ਲੈ ਕੇ ਸਪੋਰਟਸ ਕਾਰ RSQ8 ਤੱਕ ਕਈ ਤਰ੍ਹਾਂ ਦੇ ਵਾਹਨ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 42.77 ਲੱਖ ਰੁਪਏ ਤੋਂ 2.22 ਕਰੋੜ ਰੁਪਏ ਦੇ ਵਿਚਕਾਰ ਹੈ।
ਮਾਰੂਤੀ ਸੁਜ਼ੂਕੀ ਨੇ ਵੀ ਆਪਣੀ ਲਾਈਨ-ਅੱਪ ‘ਚ ਸ਼ਾਮਲ ਸਾਰੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕੀਮਤਾਂ ‘ਚ ਵਾਧੇ ਲਈ ਨਿਰਮਾਣ ਲਾਗਤਾਂ ਦੇ ਨਾਲ-ਨਾਲ ਮਹਿੰਗਾਈ ਅਤੇ ਰੈਗੂਲੇਟਰੀ ਜ਼ਰੂਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਵਧੀਆਂ ਕੀਮਤਾਂ 1 ਜਨਵਰੀ 2024 ਤੋਂ ਲਾਗੂ ਹੋਣਗੀਆਂ। ਮਾਰੂਤੀ ਸੁਜ਼ੂਕੀ ਨੇ ਕੀਮਤ ਵਾਧੇ ਦੇ ਪੈਮਾਨੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਹ ਜਾਣਕਾਰੀ ਦਿੱਤੀ ਹੈ ਕਿ ਮਾਡਲ ਦੇ ਅਨੁਸਾਰ ਕੀਮਤਾਂ ਵੱਖਰੇ ਤੌਰ ‘ਤੇ ਵਧਾਈਆਂ ਜਾਣਗੀਆਂ।
ਮਾਰੂਤੀ ਸੁਜ਼ੂਕੀ ਨੇ ਇਸ ਸਾਲ ਤੀਜੀ ਵਾਰ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਸਾਰੇ ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ਵਧਾ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ, 16 ਜਨਵਰੀ, 2023 ਨੂੰ, ਸਾਰੇ ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ਵਿੱਚ 1.1% ਦਾ ਵਾਧਾ ਕੀਤਾ ਗਿਆ ਸੀ। ਉਦੋਂ ਵੀ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ।












