ਚੰਡੀਗੜ੍ਹ, 9 ਨਵੰਬਰ:2025 ਤੱਕ ਟੀਬੀ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਪੰਜਾਬ ਦੇ ਅੱਠ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਬ੍ਰਾਂਜ ਕੈਟਾਗਰੀ ਦੀ ਸਰਟੀਫਿਕੇਸ਼ਨ ਮਿਲ ਚੁੱਕੀ ਹੈ ਅਤੇ ਵਿਭਾਗ ਨੇ ਆਉਣ ਵਾਲੇ ਸਾਲ ਵਿੱਚ ਪੰਜ ਹੋਰ ਜ਼ਿਲ੍ਹੇ ਸਿਲਵਰ ਕੈਟਾਗਰੀ ਅਤੇ ਤਿੰਨ ਜ਼ਿਲ੍ਹਿਆਂ ਨੂੰ ਬ੍ਰਾਂਜ ਕੈਟਾਗਰੀ ਵਿੱਚ ਲਿਆਉਣ ਦਾ ਟੀਚਾ ਮਿੱਥਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਾਲ 2022-23 ਲਈ ਵਿਭਾਗ ਨੇ 70,000 ਮਰੀਜ਼ਾਂ ਦੀ ਪਛਾਣ ਕਰਕੇ ਇਲਾਜ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਟੀਬੀ ਦੇ ਨਵੇਂ ਕੇਸਾਂ ਵਿੱਚ 80 ਫੀਸਦੀ ਤੋਂ ਵੱਧ ਕਮੀ ਲਿਆ ਕੇ ਟੀਬੀ ਦੇ ਖਾਤਮੇ ਦੇ ਉਦੇਸ਼ ਨਾਲ ਮਗਸੀਪਾ ਚੰਡੀਗੜ੍ਹ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਆਯੋਜਨ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਰਾਸ਼ਟਰੀ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐਨਟੀਈਪੀ) ਦੁਆਰਾ ਭਾਈਵਾਲਾਂ, ਪ੍ਰਾਈਵੇਟ ਸੈਕਟਰ, ਮਰੀਜ਼ਾਂ ਅਤੇ ਕਮਿਊਨਟੀਜ਼ ਨਾਲ ਸਰਗਰਮੀ ਨਾਲ ਸਹਿਯੋਗ ਜ਼ਰੀਏ ਟੀਬੀ ਦੇ ਵੱਧ ਤੋਂ ਵੱਧ ਕੇਸਾਂ ਦਾ ਪਤਾ ਲਗਾਉਣ, ਜਾਂਚ ਅਤੇ ਇਲਾਜ ਲਈ ਦੇਸ਼ ਵਿਆਪੀ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ ਹੈ।
ਸ. ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਾਲ ਹੀ ਵਿੱਚ ਸੂਬੇ ਦੇ 40 ਦੇ ਕਰੀਬ ਵਪਾਰਕ ਘਰਾਣਿਆਂ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਆਪ ਨੂੰ ਨਿਕਸ਼ੈ ਮਿੱਤਰ ਵਜੋਂ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਡੀ.ਟੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਾਲ ਸੰਪਰਕ ਕਰਨ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਣ। ਉਨ੍ਹਾਂ ਨੇ ਦੁਹਰਾਇਆ ਕਿ ਟੀਬੀ ਦੇ ਖਾਤਮੇ ਦਾ ਟੀਚਾ ਭਾਵੇਂ ਵੱਡਾ ਅਤੇ ਔਖਾ ਜਾਪਦਾ ਹੈ ਪਰ ਸਮੂਹਿਕ ਯਤਨਾਂ ਨਾਲ ਇਸ ਨੂੰ ਹਾਸਲ ਕੀਤਾ ਜਾਵੇਗਾ।
ਐਨਟੀਈਪੀ ਬਾਰੇ ਵੇਰਵੇ ਦਿੰਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਨਤਕ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵਿੱਚ ਟੀਬੀ ਦੇ ਸਾਰੇ ਨੋਟੀਫਾਇਡ ਮਰੀਜ਼ਾਂ ਨੂੰ ਮੁਫਤ ਜਾਂਚ ਸੇਵਾਵਾਂ ਅਤੇ ਮੁਫਤ ਇਲਾਜ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਡੀਬੀਟੀ ਰਾਹੀਂ ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਪੋਸ਼ਣ ਸਬੰਧੀ ਸਹਾਇਤਾ ਲਈ ਸਾਰੇ ਮਰੀਜ਼ਾਂ ਨੂੰ ਪ੍ਰਤੀ ਮਹੀਨਾ 500 ਰੁਪਏ ਵੀ ਪ੍ਰਦਾਨ ਕਰਦਾ ਹੈ।












