ਖੰਨਾ, 5 ਸਤੰਬਰ 2024 – ਪੰਜਾਬ ਦੇ 2000 ਕਰੋੜ ਰੁਪਏ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਖੰਨਾ ਦੇ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਈਡੀ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਤੜਕੇ 4 ਵਜੇ ਤੋਂ ਰਾਜਦੀਪ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਸੀ। ਰਾਜਦੀਪ ਸਿੰਘ ਖੰਨਾ ‘ਚ ਬਤੌਰ ਆੜਤ ਦਾ ਕੰਮ ਕਰਦਾ ਹੈ। ਛਾਪੇਮਾਰੀ ਦੌਰਾਨ ਈਡੀ ਨੂੰ ਰਾਜਦੀਪ ਸਿੰਘ ਦੇ ਟਿਕਾਣਿਆਂ ਤੋਂ ਕਈ ਅਹਿਮ ਸਬੂਤ ਮਿਲੇ ਹਨ।
ਰਾਜਦੀਪ ਸਿੰਘ ਨੂੰ ਉਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਪਿਛਲੇ ਮਹੀਨੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁੱਧਵਾਰ ਨੂੰ ਈਡੀ ਨੇ ਖੰਨਾ ਦੇ ਪਿੰਡ ਇਕੋਲਾਹੀ ‘ਚ ਰਾਜਦੀਪ ਸਿੰਘ ਦੇ ਘਰ ਅਤੇ ਖੰਨਾ ਮੰਡੀ ‘ਚ ਸਥਿਤ ਆੜਤ ਦੀ ਦੁਕਾਨ ‘ਤੇ ਵੀ ਛਾਪੇਮਾਰੀ ਕੀਤੀ ਸੀ। ਗ੍ਰਿਫ਼ਤਾਰੀ ਮਗਰੋਂ ਰਾਜਦੀਪ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।
ਜਲੰਧਰ ਤੋਂ ਈਡੀ ਦੀ ਟੀਮ ਬੁੱਧਵਾਰ ਸਵੇਰੇ 4 ਵਜੇ ਖੰਨਾ ਪਹੁੰਚੀ। ਇਹ ਟੀਮਾਂ ਇਕੋਲਾਹੀ ਵਿੱਚ ਰਾਜਦੀਪ ਦੇ ਘਰ ਅਤੇ ਮੰਡੀ ਵਿੱਚ ਆੜਤ ਦੀ ਦੁਕਾਨ ਤੋਂ ਇਲਾਵਾ ਖੰਨਾ ਦੇ ਸਿਟੀ ਸੈਂਟਰ ਵਿੱਚ ਪੁੱਜੀਆਂ। ਰਿਕਾਰਡ ਦੀ ਜਾਂਚ ਤੋਂ ਬਾਅਦ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਈਡੀ ਨੇ ਰਾਜਦੀਪ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਤਹਿਤ ਕਾਰਵਾਈ ਕੀਤੀ ਹੈ।
ਦੱਸ ਦਈਏ ਕਿ ਸਿਟੀ ਸੈਂਟਰ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਪੁੱਤਰ ਅਤੇ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਹੈ। ਰਾਜਦੀਪ ਸਿੰਘ ਵੀ ਰਾਜਾ ਗਿੱਲ ਦੇ ਬਹੁਤ ਕਰੀਬੀ ਹਨ। ਈਡੀ ਨੇ ਸਿਟੀ ਸੈਂਟਰ ਤੋਂ ਕੁਝ ਫਾਈਲਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।
ਲੇਬਰ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਮੁਲਜ਼ਮ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅਨਾਜ ਮੰਡੀਆਂ ਵਿੱਚ ਮਾਲ ਪਹੁੰਚਾਉਂਦੇ ਸਨ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਵਿੱਚ ਗਲਤ ਵਾਹਨਾਂ ਦੇ ਨੰਬਰ ਲਿਖਵਾ ਦਿੱਤੇ ਸਨ। ਜਾਂਚ ਤੋਂ ਪਤਾ ਲੱਗਾ ਕਿ ਜੋ ਨੰਬਰ ਲਿਖੇ ਹੋਏ ਸਨ, ਉਹ ਦੋਪਹੀਆ ਵਾਹਨਾਂ ਜਿਵੇਂ ਸਕੂਟਰ, ਬਾਈਕ ਆਦਿ ਦੇ ਸਨ। ਇਨ੍ਹਾਂ ਨੰਬਰਾਂ ਵਾਲੇ ਵਾਹਨ ਮਾਲ ਢੋਣ ਲਈ ਯੋਗ ਨਹੀਂ ਹਨ।
ਇਸ ਮਾਮਲੇ ਵਿਚ ਕਰੀਬ ਦੋ ਮਹੀਨੇ ਪਹਿਲਾਂ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਤਤਕਾਲੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਕੁਝ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਸਨ। ਹੁਣ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਆਸ਼ੂ ‘ਤੇ ਟੈਂਡਰਿੰਗ ‘ਚ 2,000 ਕਰੋੜ ਰੁਪਏ ਦੇ ਘਪਲੇ ਦਾ ਵੀ ਦੋਸ਼ ਹੈ। ਵਿਜੀਲੈਂਸ ਤੋਂ ਬਾਅਦ ਈਡੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਅਗਸਤ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।