ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 13 ਤਗਮੇ ਜਿੱਤ ਲਏ ਹਨ, ਜਿਨ੍ਹਾਂ ਵਿੱਚ ਪੰਜ ਸੋਨ, ਪੰਜ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ। ਬੀਤੇ ਦਿਨੀਂ ਭਾਰਤ ਦੇ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਸ ਨੇ ਕੁੱਲ 346 ਕਿਲੋ ਭਾਰ ਚੁੱਕਿਆ। ਵਿਕਾਸ ਨੇ ਸਨੈਚ ਰਾਊਂਡ ਵਿੱਚ 155 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 191 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਦਾ ਇਹ 12ਵਾਂ ਤਮਗਾ ਰਿਹਾ।

ਦੱਸ ਦਈਏ ਕਿ ਇੰਗਲੈਂਡ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ (CWG-2022) ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਜੇਤੂ ਬਣਾਉਣ ਵਾਲੇ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੈਟ੍ਰਿਕ ਪੂਰੀ ਕੀਤੀ। ਵਿਕਾਸ ਠਾਕੁਰ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਵਿਚ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਫਾਈਨਲ ਉਸ ਦੀ ਮਾਂ ਦੇ ਜਨਮ ਦਿਨ ਵਾਲੇ ਦਿਨ ਹੋਵੇਗਾ ਅਤੇ ਉਸੇ ਦਿਨ ਉਸ ਨੇ ਮੈਡਲ ਜਿੱਤ ਕੇ ਆਪਣੀ ਮਾਂ ਦੀ ਇੱਛਾ ਪੂਰੀ ਕੀਤੀ।
ਵਿਕਾਸ ਠਾਕੁਰ ਦੀ ਮਾਂ ਆਸ਼ਾ ਠਾਕੁਰ ਨੇ ਦੱਸਿਆ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੁਝ ਸਮਾਂ ਪਹਿਲਾ ਹਿਮਾਚਲ ਛੱਡ ਕੇ ਪੰਜਾਬ ਆ ਗਏ ਸਨ। ਹਿਮਾਚਲ ਵਿੱਚ, ਉਹ ਹਮੀਰਪੁਰ ਦੀ ਟੋਨੀ ਦੇਵੀ ਤਹਿਸੀਲ ਦੇ ਪਿੰਡ ਪਟਨੌਨ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਪਹਿਲੇ ਕੋਚ ਉਨ੍ਹਾਂ ਦੇ ਪਿਤਾ ਹਨ। ਆਸ਼ਾ ਠਾਕੁਰ ਨੇ ਦੱਸਿਆ ਕਿ ਵਿਕਾਸ ਸ਼ੁਰੂ ਤੋਂ ਹੀ ਬਹੁਤ ਨਰਮ ਸੁਭਾਅ ਦਾ ਮਾਲਕ ਰਿਹਾ ਹੈ। ਬਚਪਨ ਤੋਂ ਹੀ ਉਸ ਨੂੰ ਲੋਕਾਂ ਤੋਂ ਵੱਖਰਾ ਕੁਝ ਕਰਨ ਦਾ ਜਨੂੰਨ ਹੈ। ਖਿਡਾਰੀ ਵਿਕਾਸ ਠਾਕੁਰ ਦੇ ਪਿਤਾ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਫੈਨ ਹੈ। ਜਿਸ ਦਿਨ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨਾਂ ਤੱਕ ਵਿਕਾਸ ਨੇ ਖਾਣਾ ਵੀ ਨਹੀਂ ਖਾਧਾ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਉਸ ਨੂੰ ਯਾਦ ਕੀਤਾ। ਦੱਸ ਦਈਏ ਕਿ ਵਿਕਾਸ ਨੇ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਅਤੇ ਹੁਣ 2022 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।










