ਫ਼ਰੀਦਕੋਟ 11 ਸਤੰਬਰ,2024: ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਸੁਮਨਦੀਪ ਸਿੰਘ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ, ਫਰੀਦਕੋਟ ਵੱਲੋਂ ਬਾਲ ਭਿੱਖਿਆ/ਰੈਗ ਪਿਕਿੰਗ ਦੇ ਖਾਤਮੇ ਸਬੰਧੀ ਜੈਤੋ, ਬਾਜਾਖਾਨਾ ਅਤੇ ਬਰਗਾੜੀ ਵਿਖੇ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਵਲੋਂ 02 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕੀਤਾ ਗਿਆ।
ਪ੍ਰੋਟੈਕਸ਼ਨ ਅਫਸਰ ਸੁਮਨਦੀਪ ਸਿੰਘ ਨੇ ਕਿਹਾ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾ ਜੋ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ਅਤੇ ਭਵਿੱਖ ਨੂੰ ਸਵਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਤੇ ਵੀ ਅਜਿਹਾ ਬੱਚਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਟੋਲ ਫਰੀ ਨੰਬਰ 1098 ਤੇ ਫੋਨ ਕਰਕੇ ਉਸ ਦੀ ਸੂਚਨਾ ਦੇ ਸਕਦੇ ਹਨ। ਇਸ ਵਿੱਚ ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਨੰਬਰ ਗੁਪਤ ਰੱਖਿਆ ਜਾਵੇਗਾ।