ਬਰਨਾਲਾ ਅਤੇ ਸੰਗਰੂਰ ਜ਼ਿਲਿਆਂ ਦੀ ਸਰਹੱਦ ‘ਤੇ ਪੈਂਦੇ ਪਿੰਡ ਢੱਡਰੀਆ ‘ਚ ਫੌਜ ਦੇ ਚਿਨੂਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਦੌਰਾਨ ਫੌਜ ਦੇ ਹੈਲੀਕਾਪਟਰ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਜਿਸ ਨੇ ਹੈਲੀਕਾਪਟਰ ਦੇ ਆਲੇ-ਦੁਆਲੇ ਲੋਕਾਂ ਨੂੰ ਹਟਾਇਆ।
ਫੌਜ ਦੇ ਹੈਲੀਕਾਪਟਰ ਨੂੰ ਉਡਾਉਣ ਵਾਲੀ ਟੀਮ ਮੁਤਾਬਕ ਇਸ ਵਿਚ ਕੁਝ ਤਕਨੀਕੀ ਖਰਾਬੀ ਸੀ। ਇਸ ਤੋਂ ਬਾਅਦ ਉਸ ਦੀ ਲੈਂਡਿੰਗ ਕਰਨੀ ਪਈ। ਲੈਂਡਿੰਗ ਦੇ ਡੇਢ ਘੰਟੇ ਬਾਅਦ ਤਕਨੀਕੀ ਖਰਾਬੀ ਨੂੰ ਠੀਕ ਕਰ ਲਿਆ ਗਿਆ। ਇਸ ਤੋਂ ਬਾਅਦ ਟੀਮ ਉਸ ਨੂੰ ਲੈ ਗਈ।
ਦੱਸ ਦਈਏ ਕਿ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤੁਰੰਤ ਇਸ ਵਿੱਚ ਸਵਾਰ ਸੈਨਿਕਾਂ ਨਾਲ ਸੰਪਰਕ ਕੀਤਾ ਅਤੇ ਲੋੜੀਂਦੀ ਮਦਦ ਮੁਹੱਈਆ ਕਰਵਾਈ।
ਅਰੋੜਾ ਨੇ ਦੱਸਿਆ ਕਿ ਜਦੋਂ ਉਹ ਐਤਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਦੌਰੇ ‘ਤੇ ਸਨ ਤਾਂ ਉਨ੍ਹਾਂ ਨੇ ਏਅਰ ਫੋਰਸ ਦੇ ਇਸ ਹੈਲੀਕਾਪਟਰ ਨੂੰ ਖੇਤਾਂ ‘ਚ ਉਤਰਦੇ ਦੇਖਿਆ ਸੀ। ਇਸਤੋਂ ਬਾਅਦ ਉਸ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਖੁਦ ਮੌਕੇ ‘ਤੇ ਪਹੁੰਚ ਗਏ। ਅਰੋੜਾ ਨੇ ਦੱਸਿਆ ਕਿ ਇਸ ਚਿਨੂਕ ਟਰਾਂਸਪੋਰਟਰ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਦੋ ਤਕਨੀਕੀ ਮਾਹਿਰ ਭਾਰਤੀ ਹਵਾਈ ਸੈਨਾ ਦੇ ਇੱਕ ਹੋਰ ਹੈਲੀਕਾਪਟਰ ਰਾਹੀਂ ਮੌਕੇ ‘ਤੇ ਪਹੁੰਚੇ ਅਤੇ ਹੈਲੀਕਾਪਟਰ ਵਿੱਚ ਆਈ ਤਕਨੀਕੀ ਖਰਾਬੀ ਨੂੰ ਠੀਕ ਕੀਤਾ।











