ਪੰਜਾਬ ਪੁਲਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਰੋਪੜ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸ ਦਈਏ ਕਿ ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀ ਸੰਤ ਕੇਬਲ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਉਸਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ। ਉਹ ਕਈ ਹੋਟਲਾਂ ਵਿੱਚ ਸ਼ੈੱਫ ਵਜੋਂ ਵੀ ਕੰਮ ਕਰ ਚੁੱਕਾ ਹੈ। ਇਨ੍ਹੀਂ ਦਿਨੀਂ ਉਹ ਸਟਾਕ ਮਾਰਕੀਟ ਵਿੱਚ ਕੰਮ ਕਰ ਰਿਹਾ ਸੀ। ਉਸ ਨੇ ਇਹ ਕਾਲ ਕੁਝ ਪੈਸਿਆਂ ਲਈ ਕੀਤੀ ਸੀ। ਇਹ ਜਾਣਕਾਰੀ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਿੱਤੀ। ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਕਾਲ ਗੋਲਡੀ ਬਰਾੜ ਦੇ ਨਾਂ ‘ਤੇ ਕੀਤੀ ਗਈ ਸੀ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੇਸ਼ੇ ਤੋਂ ਅਪਰਾਧੀ ਨਹੀਂ ਹੈ। ਉਸ ਨੇ ਸੌਖੇ ਪੈਸੇ ਕਮਾਉਣ ਲਈ ਇਹ ਰਾਹ ਚੁਣਿਆ ਸੀ। ਉਸਦੇ ਮਾਪੇ ਮਰ ਚੁੱਕੇ ਹਨ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਬਹੁਤ ਸੁਣਿਆ ਸੀ। ਅਜਿਹੇ ‘ਚ ਉਨ੍ਹਾਂ ਦੀ ਤਰਫੋਂ ਸੀ.ਐੱਮ ਚਰਨਜੀਤ ਸਿੰਘ ਚੰਨੀ ਨੂੰ ਗੋਲਡੀ ਬਰਾੜ ਦੇ ਨਾਂ ‘ਤੇ ਫੋਨ ਕੀਤਾ ਗਿਆ।












