ਫਰੀਦਕੋਟ : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਅਰਾਈਆਂਵਾਲਾ ਰੋਡ ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਮੋਗਾ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਕਾਰਜਸ਼ੈਲੀ ਦੇਖੀ ਅਤੇ ਹਦਾਇਤ ਕੀਤੀ ਕਿ ਇਸ ਦੀ ਹੋਰ ਸੁਚੱਜੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਅਤੇ ਇਸ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ। ਇਸ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਰੀਟਮੈਂਟ ਪਲਾਂਟ ਵਿੱਚੋਂ ਸਾਫ ਕੀਤੇ ਪਾਣੀ ਦੀ ਪਰਖ ਕਰਵਾਈ ਜਾਵੇ। ਉਨ੍ਹਾਂ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਸੈਂਪਲ ਵਜੋਂ ਲਏ ਪਾਣੀ ਨੂੰ ਪਟਿਆਲਾ ਦੀ ਪ੍ਰਯੋਗਸ਼ਾਲਾ ਵਿੱਚ ਭੇਜਿਆ ਜਾਵੇ ਤਾਂ ਜੋ ਸਾਫ ਪਾਣੀ ਨੂੰ ਸਿੰਚਾਈ ਜਾਂ ਹੋਰ ਵਰਤੋਂ ਵਾਸਤੇ ਇਸੇਤਮਾਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਹ ਸੀਵਰੇਜ ਟਰੀਟਮੈਂਟ ਪਲਾਂਟ ਸੀਵਰੇਜ ਬੋਰਡ ਵੱਲੋਂ 14 ਐਮ.ਐਲ.ਡੀ. ਸਮਰੱਥਾ ਵਾਲਾ ਬਣਾਇਆ ਗਿਆ ਸੀ ਜਿਸ ਤੇ ਲਗਭਗ 21 ਕਰੋੜ ਰੁਪਏ ਖਰਚ ਆਇਆ ਸੀ। ਇਸ ਟਰੀਟਮੈਂਟ ਪਲਾਂਟ ਤੋਂ ਸਾਫ ਕੀਤਾ ਪਾਣੀ ਡਰੇਨਾਂ ਵਿੱਚ ਪਾਇਆ ਜਾ ਰਿਹਾ ਹੈ, ਜਿਸ ਨਾਲ ਵਾਤਾਵਰਨ ਨੂੰ ਹੋਣ ਵਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਟਰੀਟਮੈਂਟ ਪਲਾਂਟ ਦੇ ਟਰੀਟ ਕੀਤੇ ਪਾਣੀ ਦੇ ਸੈਂਪਲ ਲੈਬੋਰੇਟਰੀ ਵਿੱਚੋਂ ਪਾਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਭੂਮੀ ਰੱਖਿਆ ਵਿਭਾਗ ਵੱਲੋਂ ਪ੍ਰੋਜੈਕਟ ਪਾਸ ਕਰਕੇ ਇਸ ਪਾਣੀ ਨੂੰ ਸਿੰਚਾਈ ਅਤੇ ਹੋਰ ਕੰਮਾਂ ਲਈ ਵਰਤਣ ਲਈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰ ਫਰੀਦਕੋਟ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਪੈਂਦੇ ਵੱਡੇ ਨਾਲਿਆਂ ਵਿੱਚ ਜਾਲੀਆਂ ਲਗਾਈਆਂ ਜਾਣ ਤਾਂ ਜੋ ਕੂੜਾ ਕਰਕਟ ਜਾਲੀਆਂ ਵਿੱਚ ਇੱਕਠਾ ਹੋਣ ਉਪਰੰਤ ਸਿਰਫ ਸਾਫ ਪਾਣੀ ਹੀ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਨਾਲੀਆਂ ਵਿੱਚ ਕੂੜਾ ਇੱਕ ਜਗ੍ਹਾ ਇਕੱਠਾ ਹੋਣ ਉਪਰੰਤ ਉਸ ਦੀ ਸਫਾਈ ਵੀ ਠੀਕ ਤਰੀਕੇ ਨਾਲ ਹੋ ਸਕੇਗੀ।
ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਲੀਆਂ, ਸੀਵਰੇਜ ਵਿੱਚ ਕੂੜਾ ਕਰਕਟ, ਲਿਫਾਫੇ ਨਾ ਸੁੱਟਣ ਤਾਂ ਜੋ ਜਿਲ੍ਹੇ ਦੇ ਸੀਵਰੇਜ ਦੇ ਨਾਲ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਵੀ ਲਗਾਤਾਰ ਕੰਮ ਕਰਦਾ ਰਹੇ। ਉਨ੍ਹਾਂ ਕਿਹਾ ਕਿ ਜਿਲ੍ਹਾ ਵਾਸੀ ਇਸ ਕੰਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇਣ।