ਪਿੰਡ ਚੱਕ ਹੀਰਾ ਸਿੰਘ ਵਾਲਾ ਵਿੱਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਆਪਣੇ ਖੇਤ ਵਿੱਚ ਬਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਹੈਲਪਲਾਈਨ ਸੁਸਾਇਟੀ ਦੀ ਐਂਬੂਲੈਂਸ ‘ਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਤਲਵੰਡੀ ਭੇਜ ਦਿੱਤਾ। ਕਿਸਾਨ ਕੋਲ ਡੇਢ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ਕਰੀਬ 700000 ਰੁਪਏ ਦਾ ਕਰਜ਼ਾ ਸੀ।
ਪੁਲਿਸ ਮੁਲਾਜ਼ਮ ਬੇਅੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਛਾਣ ਸੁਖਪਾਲ ਸਿੰਘ ਪਾਲਾ ਵਜੋਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿੱਕਟ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।









