ਲਾਡੋਵਾਲ, 16 ਜੂਨ 2024 – ਪੰਜਾਬ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਲੁਧਿਆਣਾ-ਜਲੰਧਰ ਵਿਚਕਾਰ ਫਿਲੌਰ ‘ਚ ਬਣੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਖਾਲੀ ਕਰਵਾ ਦਿੱਤਾ ਹੈ। ਕਿਸਾਨਾਂ ਨੇ ਮੁਲਾਜ਼ਮਾਂ ਨੂੰ ਹਟਾ ਕੇ ਟੋਲ ਬੂਥ ਖਾਲੀ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਖਾਲੀ ਪਈ ਗਲੀ ਵਿੱਚ ਗਲੀਚਾ ਵਿਛਾ ਕੇ ਧਰਨਾ ਲਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੋਲ ਦਰਾਂ ਨਹੀਂ ਘਟਾਈਆਂ ਜਾਂਦੀਆਂ, ਉਹ ਅਣਮਿੱਥੇ ਸਮੇਂ ਲਈ ਟੋਲ ਫਰੀ ਰੱਖਣਗੇ। ਇਸ ਦੌਰਾਨ ਵਾਹਨ ਟੈਕਸ ਅਦਾ ਕੀਤੇ ਬਿਨਾਂ ਟੋਲ ਤੋਂ ਲੰਘ ਰਹੇ ਹਨ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਟੋਲ ਦੇ ਰੇਟਾਂ ਵਿੱਚ ਸਾਲ ਵਿੱਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਾਹਨ ‘ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪੈਂਦਾ ਹੈ।
ਜੇਕਰ ਲੁਧਿਆਣਾ ਦੇ ਵਸਨੀਕ ਨੇ ਫਿਲੌਰ ਜਾਣਾ ਹੈ ਤਾਂ ਗੱਡੀ ਦੇ ਤੇਲ ਦਾ ਖਰਚਾ 200 ਰੁਪਏ ਹੈ ਜਦੋਂ ਕਿ ਟੈਕਸ 400 ਰੁਪਏ ਤੋਂ ਵੱਧ ਹੈ। ਇਹ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਹੈ।
ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਵੀ ਆਪਣੇ ਪ੍ਰਦਰਸ਼ਨ ਵਿੱਚ ਟੋਲ ਪਲਾਜ਼ਾ ’ਤੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਿਸਾਨ ਆਗੂਆਂ ਦੀਆਂ ਗੱਡੀਆਂ ਮੁਫ਼ਤ ਲੰਘਦੀਆਂ ਸਨ ਪਰ ਇਹ ਰੋਸ ਲੋਕਾਂ ਦਾ ਹੈ।