ਪਟਿਆਲਾ, ਮਿਤੀ 21.1.2024 (ਬਲਜੀਤ ਮਰਵਾਹਾ) – ‘ਘੁਰਾਮ’ ਇਕ ਵਿਸ਼ਾਲ ਪ੍ਰਾਚੀਨ ਟਿੱਲੇ ਦੇ ਆਲੇ-ਦੁਆਲੇ ਇੱਕ ਛੋਟਾ ਜਿਹਾ ਪਿੰਡ ਹੈ। ਜੋ ਪਟਿਆਲੇ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ, ਪਿਹੋਵਾ, ਸੀਆਵਨ ਅਤੇ ਕਪਿਸਥਲ ਦੇ ਪ੍ਰਾਚੀਨ ਕਸਬਿਆਂ ਵਿੱਚਕਾਰ ਸਥਿਤ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰਾਚੀਨ ਸਥਾਨ, ਜੋ ਕਿ ਹੁਣ ਖੰਡਰ ਨੁਮਾ ਹੈ, ਦਾ ਫ਼ਾਰਸੀ ਇਤਿਹਾਸਕਾਰਾਂ ਦੁਆਰਾ “ਆਈਨ-ਏ-ਅਕਬਰੀ” ਵਿੱਚ ਵੀ “ਕੋਹ-ਏ-ਰਾਮ”, ਭਾਵ “ਰਾਮ ਦਾ ਟਿੱਲਾ” ਕਰਕੇ ਵਰਨਣ ਕੀਤਾ ਗਿਆ ਹੈ।

‘ਘੁਰਾਮ’ ਦੋ ਸ਼ਬਦਾਂ ਦਾ ਸੁਮੇਲ ਹੈ; ‘ਘੁ’ ਅਤੇ ‘ਰਾਮ।’ ‘ਘੁ’ ਦਾ ਅਰਥ ਹੈ ਘਰ, “ਰਾਮ ਦਾ ਘਰ”। ਇਹ ਭਾਰਤੀ ਉਪ-ਮਹਾਂਦੀਪ ਵਿੱਚ ਇੱਕੋ ਇੱਕ ਸਥਾਨ ਹੈ, ਜਿਸਨੂੰ ਪ੍ਰਾਚੀਨ ਸੰਸਕ੍ਰਿਤ ਅਤੇ ਇੱਥੋਂ ਤੱਕ ਕਿ ਫਾਰਸੀ ਸਾਹਿਤ ਵਿੱਚ ਵੀ “ਰਾਮ ਦਾ ਨਿਵਾਸ” ਕਿਹਾ ਜਾਂਦਾ ਹੈ।
ਪੁਰਾਣਿਕ ਸਾਹਿਤ ਵਿੱਚ, ਇਹ ‘ਮਾਰਕੰਡੇ-ਪੁਰਾਣ’ ਅਤੇ ‘ਕੂਰਮ-ਪੁਰਾਣ’ ਵਿੱਚ ਉੱਤਰ ‘ਕੋਸਲ ਜਨਪਦ’ ਦੇ ਭੂਗੋਲਿਕ ਵਰਣਨ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਜਿੱਥੇ ‘ਸੱਤਯੁਗ’ ਅਤੇ ‘ਤ੍ਰੇਤਾਜੁਗ’ ਵਿੱਚ ਸ਼ਕਤੀਸ਼ਾਲੀ ‘ਸੂਰਜਵੰਸ਼ੀ’ ਰਾਜਿਆਂ ਨੇ ਰਾਜ ਕੀਤਾ।

‘ਘੁਰਾਮ’ ਦੇ ਨੇੜੇ-ਤੇੜੇ, ਅਜੇ ਵੀ ‘ਸਪਤ-ਰਿਸ਼ੀਆਂ’ ਵਿੱਚੋਂ, “ਪੁਲਹ” ਅਤੇ “ਪੁਲਸਤਿਅ” ਵਰਗੇ ‘ਬ੍ਰਹਮ-ਰਿਸ਼ੀ ਆਸ਼ਰਮਾਂ’ ਦੇ ਬਚੇ ਹੋਏ ਨਿਸ਼ਾਨ “ਪੁਲਹਗੜ੍ਹ” ਅਤੇ “ਸਿਆਵਨ” ਵਿੱਚ ਅੱਜ ਵੀ ਮੌਜ਼ੂਦ ਹਨ। ਜਿੱਥੇ ਮਹਾਰਿਸ਼ੀ ਵਾਲਮੀਕ ਦੇ ਨਾਲ ਸੀਤਾ ਮਾਤਾ ਜੀ, ਆਪਣੇ ‘ਬਨਵਾਸ’ ਦੌਰਾਨ ਪੈਦਲ “ਵਾਲਮੀਕ ਆਸ਼ਰਮ” ਨੂੰ ਜਾਂਦੇ ਹੋਏ ਰੁਕੇ।

ਜੀਵਤ ਪਰੰਪਰਾ ਦੇ ਅਨੁਸਾਰ, ‘ਘੁਰਾਮ’ ਇੱਕ ਹੋਰ ਸਥਾਨ ਹੈ, ਜਿਸਦਾ “ਅਯੁਧਿਆ ਦੇ ਰਾਮ ਦਾ ਜਨਮ ਸਥਾਨ ਹੋਣ ਦਾ ਬਹੁਤ ਨਿਮਰ ਦਾਅਵਾ ਹੈ।”
ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਦੇ ਮਾਹਿਰ ਡਾਕਟਰ ਮਨਜੀਤ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਪਰੰਪਰਾ ਦੇ ਪੱਕੇ “ਵਿਸ਼ਵਾਸੀਆਂ” ਨੇ, ਰਾਮਗੜ੍ਹ ਕਿਲ੍ਹੇ ਦੀ ਬਾਰਾਂਦਰੀ ਵਿੱਚ, “ਰਾਮ ਦੇ ਟਿੱਲੇ” ‘ਤੇ, 25 ਸਾਲ ਪਹਿਲਾਂ, 1999 ਵਿੱਚ, ‘ਵੈਸਾਖ ਸੰਕ੍ਰਾਂਤੀ’ ਦੇ ਸ਼ੁਭ ਬ੍ਰਹਮ ਮਹੂਰਤ ਅਤੇ ਰਾਮ ਨੌਮੀ ਦੇ ਪਹਿਲੇ ਨਵਰਾਤਰੇ ਦੌਰਾਨ, ‘ਕੌਸਲਿਆ-ਰਾਮ ਮੰਦਰ’ ਵਿੱਚ “ਮਾਤਾ ਕੌਸਲਿਆ ਦੀ ਗੋਦ ਵਿੱਚ ਰਾਮ-ਲੱਲਾ” ਦੀ “ਪ੍ਰਾਣ-ਪ੍ਰੀਤਿਸ਼ਠਤ” ਮੂਰਤੀ ਸਥਾਪਤ ਕੀਤੀ ਸੀ।

ਧਾਰਮਿਕ ਰਸਮ (ਮਰਯਾਦਾ) “ਸਿੱਧਪੁਰਸ਼ ਸਵਾਮੀ ਦਯਾਨੰਦ ਸਰਸਵਤੀ” ਦੁਆਰਾ ਨਿਭਾਈ ਗਈ ਸੀ। ਜਦੋਂ ਕਿ “ਲਿਵਿੰਗ ਅਯੁੱਧਿਆ” ਵਿੱਚ ਇਸਦੀ ਆਗਿਆ ਨਹੀਂ ਸੀ ਮਿਲੀ, ਜਿੱਥੇ ਹੁਣ ਇਹ 22 ਜਨਵਰੀ, 2024 ਨੂੰ 25 ਸਾਲ ਬਾਅਦ ਸਥਾਪਤ ਕੀਤੀ ਜਾ ਰਹੀ ਹੈ।

ਡਾ: ਐਮ.ਐਸ. ਰੰਧਾਵਾ, ਸਭਿਆ ਚਾਰ ਅਤੇ ਵਿਰਸਾ ਸੰਭਾਲ ਮੰਚ ਦੇ ਕਨਵੀਨਰ, ਨੇ ਨਾ ਸਿਰਫ ਢਹਿ-ਢੇਰੀ ਹੋਏ ਧਾਰਮਿਕ ਸਮਾਰਕ ਦੀ ਸਾਂਭ-ਸੰਭਾਲ ਅਤੇ ਮੁੜ ਨਿਰਮਾਣ ਕੀਤਾ, ਸਗੋਂ ਪਿਛਲੇ 25 ਸਾਲਾਂ ਤੋਂ ਅੱਜ ਤੱਕ ਹਰ ਮਹੀਨੇ ਦੀ ਨੌਮੀ ‘ਤੇ ਰਾਮਾਇਣ ਪਾਠ ਦੀ ਨਿਰੰਤਰ ਪਰੰਪਰਾ ਨੂੰ ਵੀ ਕਾਇਮ ਰੱਖਿਆ ਹੈ।












