ਲੁਧਿਆਣਾ, 18 ਦਸੰਬਰ 2023 – ਦੇਰ ਰਾਤ ਲੁਧਿਆਣਾ ਬੱਸ ਸਟੈਂਡ ਦੇ ਬਾਹਰ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਸ ਸਟੈਂਡ ‘ਤੇ ਔਰਤ ‘ਤੇ ਇਕ ਯਾਤਰੀ ਨੇ ਲੁੱਟ ਦਾ ਦੋਸ਼ ਲਗਾਇਆ ਸੀ। ਦੇਰ ਰਾਤ ਕੁਝ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੇ ਬੱਸ ਸਟੈਂਡ ਦੇ ਬਾਹਰ ਘੁੰਮ ਰਹੀ ਔਰਤ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਔਰਤ ਨੇ ਬੱਸ ਸਟੈਂਡ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ।
ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਦੇਰ ਰਾਤ ਹੰਗਾਮੇ ਦੀ ਸੂਚਨਾ ਮਿਲੀ ਸੀ। ਚੌਂਕੀ ਕੋਚਰ ਮਾਰਕੀਟ ਇੰਚਾਰਜ ਅਤੇ ਬੱਸ ਸਟੈਂਡ ਚੌਂਕੀ ਇੰਚਾਰਜ ਨੇ ਕਿਹਾ ਕਿ ਫਿਲਹਾਲ ਕਿਸੇ ਯਾਤਰੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਪਰ ਅਸੀਂ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਜ਼ਰੂਰ ਕਰਵਾਵਾਂਗੇ।
ਹੁਸ਼ਿਆਰਪੁਰ ਤੋਂ ਆਏ ਯਾਤਰੀ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਤੋਂ ਇੱਕ ਆਟੋ ਵਿੱਚ ਆਇਆ ਸੀ। ਬੱਸ ਸਟੈਂਡ ਦੇ ਬਾਹਰ ਚਾਹ ਦੇ ਸਟਾਲ ਤੋਂ ਇਕ ਔਰਤ ਉਸ ਨੂੰ ਖਿੱਚ ਕੇ ਕੁਝ ਦੂਰ ਲੈ ਗਈ। ਉਸ ਔਰਤ ਦੇ ਕੁਝ ਸਾਥੀ ਸਨ, ਜਿਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਨਕਦੀ ਖੋਹ ਲਈ। ਯਾਤਰੀ ਨੇ ਦੱਸਿਆ ਕਿ ਉਹ ਇੱਕ ਹੋਟਲ ਵਿੱਚ ਕੰਮ ਕਰਦਾ ਹੈ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਰਾਹਗੀਰ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ। ਦੇਰ ਰਾਤ ਹੰਗਾਮੇ ਦੀ ਸੂਚਨਾ ਮਿਲਣ ‘ਤੇ ਉਹ ਵੀ ਮੌਕੇ ’ਤੇ ਪੁੱਜੇ। ਉੱਥੇ ਮੌਜੂਦ ਕੁਝ ਲੋਕ ਕਹਿ ਰਹੇ ਸਨ ਕਿ ਔਰਤ ਭੱਜ ਗਈ ਸੀ। ਫਿਲਹਾਲ ਜੇਕਰ ਕੋਈ ਯਾਤਰੀ ਸ਼ਿਕਾਇਤ ਕਰਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।