ਰਮਕੋਟ ਸਬ ਡਿਵੀਜ਼ਨ ਅਧੀਨ ਪਿੰਡ ਕੋਟ ਸਦਰ ਖਾਂ ਵਿਖੇ ਨਿੱਜੀ ਸਕੂਲ ਦੀ ਵੈਨ ਦੇ ਚਾਲਕ ਦੀ ਕਥਿਤ ਲਾਪ੍ਰਵਾਹੀ ਕਾਰਨ ਡੇਢ ਸਾਲਾ ਬੱਚੇ ਦੀ ਜਾਨ ਚਲੀ ਗਈ। ਬੱਚਾ ਘਰ ਵਿੱਚ ਖੇਡ ਰਿਹਾ ਸੀ ਤੇ ਚਾਲਕ ਨੇ ਬਿਨਾ ਦੇਖੇ ਵੈਨ ਬੈਕ ਕਰ ਦਿੱਤੀ ਜਿਸ ਕਾਰਨ ਇਹ ਘਟਨਾ ਵਾਪਰ ਗਈ।ਵੇਰਵਿਆਂ ਅਨੁਸਾਰ ਪਾਥਵੇਅਜ਼ ਗਲੋਬਲ ਸਕੂਲ, ਕੋਟ ਈਸੇ ਖਾਂ ਦੀ ਸਕੂਲ ਵੈਨ ਦਾ ਚਾਲਕ ਪਿੰਡ ਕੋਟ ਸਦਰ ਖਾਂ ’ਚੋਂ ਬੱਚੇ ਲੈਣ ਗਿਆ ਸੀ। ਉਸ ਨੇ ਬਿਨਾਂ ਪਿੱਛੇ ਦੇਖੇ ਸਕੂਲ ਵੈਨ ਬੈਕ ਕਰ ਦਿੱਤੀ ਅਤੇ ਘਰ ਵਿੱਚ ਖੇਡ ਰਹੇ ਮਾਸੂਮ ਗੁਰਮਿਲਾਪ ਸਿੰਘ ਨੂੰ ਲਪੇਟ ਵਿੱਚ ਲੈ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਘਟਨਾ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂਂ ਸਕੂਲ ਪ੍ਰਬੰਧਕਾਂ ਤੇ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਬੱਚੇ ਦੀ ਲਾਸ਼ ਸਕੂਲ ਮੂਹਰੇ ਰੱਖ ਕੇ ਧਰਨਾ ਲਗਾ ਦਿੱਤਾ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਸਕੂਲ ਬੱਸ ’ਚ ਹੈਲਪਰ ਨਾ ਹੋਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਧਰਮਕੋਟ, ਮਨਜੀਤ ਸਿੰਘ ਢੇਸੀ ਮੌਕੇ ਉੱਤੇ ਪੁੱਜੇ ਅਤੇ ਸਕੂਲ ਬੱਸ ਨੂੰ ਕਬਜ਼ੇ ’ਚ ਲੈ ਲਿਆ ਅਤੇ ਸਕੂਲ ਵੈਨ ਚਾਲਕ ਤੋਂ ਪੁੱਛਗਿੱਛ ਕੀਤੀ। ਕਰੀਬ ਪੰਜ ਘੰਟੇ ਚੱਲੇ ਧਰਨੇ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਧਰਨਾਕਾਰੀਆਂ ’ਚ ਬਹਿਸਬਾਜ਼ੀ ਵੱਧ ਜਾਣ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਕੋਟ ਈਸੇ ਖਾਂ-ਧਰਮਕੋਟ ਮੁੱਖ ਮਾਰਗ ਵੀ ਬੰਦ ਕਰ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਨੂੰ ਦੋਹਾਂ ਧਿਰਾਂ ’ਚ ਸਹਿਮਤੀ ਬਣਨ ਮਗਰੋਂ ਧਰਨਾ ਚੁੱਕ ਲਿਆ ਗਿਆ। ਡੀਐਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਧਾਰਾ 174 ਸੀਆਰਪੀਸੀ ਤਹਿਤ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।