- ਜਗਤਾਰ ਸਿੰਘ ਤਾਰਾ ਸਿਰਫ 2 ਘੰਟੇ ਲਈ ਜੇਲ੍ਹ ਤੋਂ ਆਵੇਗਾ ਬਾਹਰ,
- ਭਤੀਜੀ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਮਿਲੀ ਹੈ ਪੈਰੋਲ,
- 3 ਦਸੰਬਰ ਨੂੰ ਹੈ ਜਗਤਾਰ ਸਿੰਘ ਤਾਰਾ ਦੀ ਭਤੀਜੀ ਦਾ ਵਿਆਹ
ਚੰਡੀਗੜ੍ਹ, 29 ਨਵੰਬਰ 2023 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਇਹ ਪੈਰੋਲ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਤਾਰਾ ਨੂੰ ਆਪਣੀ ਭਤੀਜੀ ਦੇ ਵਿਆਹ ਲਈ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ ‘ਚ ਮੌਤ ਹੋ ਗਈ ਸੀ ਪਰ ਉਦੋਂ ਤਾਰਾ ਨੂੰ ਜ਼ਮਾਨਤ ਨਹੀਂ ਮਿਲੀ ਸੀ। ਹੁਣ ਹਾਈਕੋਰਟ ਨੇ ਭਤੀਜੀ ਦੇ ਵਿਆਹ ਲਈ ਪੈਰੋਲ ਦੇ ਦਿੱਤੀ ਹੈ।
ਦੱਸ ਦੇਈਏ ਕਿ ਤਾਰਾ ਦੇ ਵਕੀਲ ਨੇ ਕਿਹਾ ਸੀ ਕਿ 3 ਦਸੰਬਰ ਨੂੰ ਉਸ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੈਰੋਲ ਦਿੱਤੀ ਜਾਵੇ। ਪਰ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਉਸ ਨੂੰ 2 ਘੰਟੇ ਲਈ ਪੈਰੋਲ ਦੇ ਦਿੱਤੀ। ਪੰਜਾਬ ਪੁਲਿਸ ਦੀ ਸੁਰੱਖਿਆ ਤਾਰਾ ਦੇ ਨੇੜੇ ਹਰ ਸਮੇਂ ਤਾਇਨਾਤ ਰਹੇਗੀ। ਠੀਕ ਦੋ ਘੰਟੇ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਆਉਣਾ ਪਵੇਗਾ।
ਚੰਡੀਗੜ੍ਹ ਪੁਲੀਸ ਦੇ ਆਪਰੇਸ਼ਨ ਸੈੱਲ ਨੇ 2005 ਵਿੱਚ ਸੈਕਟਰ-35 ਦੇ ਕਿਸਾਨ ਭਵਨ ਚੌਕ ਤੋਂ ਜਗਤਾਰ ਸਿੰਘ ਤਾਰਾ ਦੇ ਦੋਵੇਂ ਸਾਥੀਆਂ ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਆਰਡੀਐਕਸ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-36 ਥਾਣੇ ਵਿੱਚ ਆਈਪੀਸੀ ਦੀ ਧਾਰਾ 121, 121ਏ, 122, 153, 120ਬੀ, ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਅਤੇ ਧਮਾਕਾਖੇਜ਼ ਸਮੱਗਰੀ ਐਕਟ 1908 ਦੀਆਂ ਧਾਰਾਵਾਂ 45 ਅਤੇ 6 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਦੌਰਾਨ ਜਗਤਾਰ ਸਿੰਘ ਹਵਾਰਾ ਦਾ ਨਾਂ ਸਾਹਮਣੇ ਆਇਆ ਸੀ।