ਪੰਜਾਬ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਚਾਰ ਸ਼ੱਕੀਆਂ ਦੇ ਸਕੈਚ ਜਾਰੀ ਕੀਤੇ ਹਨ। ਸ਼ੱਕੀ ਬਾਰੇ ਸੂਚਨਾ ਦੇਣ ਵਾਲੇ ਲਈ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਪੁਲਿਸ ਮੁਤਾਬਕ ਇਨ੍ਹਾਂ ਚਾਰਾਂ ਸ਼ੱਕੀ ਵਿਅਕਤੀਆਂ ਨੂੰ ਜ਼ਿਲ੍ਹਾ ਕਠੂਆ ਦੇ ਮਲਹਾਰ, ਬਾਨੀ ਅਤੇ ਸੀਓਜਧਰ ਇਲਾਕਿਆਂ ਵਿੱਚ ਦੇਖਿਆ ਗਿਆ। ਦੂਜੇ ਪਾਸੇ ਖੁਫੀਆ ਸੂਤਰਾਂ ਅਨੁਸਾਰ ਅਣਪਛਾਤੇ ਅੱਤਵਾਦੀਆਂ ਨੇ ਜ਼ਿਲ੍ਹਾ ਕਠੂਆ ਦੇ ਉੱਚੀ ਜੰਗਲੀ ਖੇਤਰ ਵਿੱਚ ਡੇਰਾ ਲਾਇਆ ਹੋਇਆ ਹੈ ਅਤੇ ਜ਼ਿਲ੍ਹਾ ਕਠੂਆ ਦੇ ਭਾਦੂ, ਬਿਲਵਾਰ, ਬਾਨੀ ਅਤੇ ਬਸੌਲੀ ਖੇਤਰਾਂ ਵਿੱਚ ਉਨ੍ਹਾਂ ਦੀ ਹਰਕਤ ਦੇਖੀ ਗਈ ਹੈ। ਦੱਸਿਆ ਜਾਂਦਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਜੋੜਨ ਵਾਲੇ ਰਾਵੀ ਦਰਿਆ ‘ਤੇ ਬਣੇ ਅਟਲ ਪੁਲ ਨੂੰ ਪਾਰ ਕਰਕੇ ਪਠਾਨਕੋਟ ਦੀ ਮਾਮੂਨ ਕੈਂਟ ਵੱਲ ਜਾਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਦਾ ਸੰਭਾਵਿਤ ਨਿਸ਼ਾਨਾ 15 ਅਗਸਤ ਤੋਂ ਪਹਿਲਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੈ।
ਸੂਤਰਾਂ ਅਨੁਸਾਰ ਮਾਮੂਨ ਕੈਂਟ ਵੱਲ ਜਾਣ ਲਈ ਬਿਲਵਰ ਤੋਂ ਅਟਲ ਸੇਤੂ ਵਾਇਆ ਮਾਮੂਨ ਕੈਂਟ ਅਤੇ ਬਿਲਵਰ ਤੋਂ ਲਖਨਪੁਰ ਤੋਂ ਡਿਫੈਂਸ ਰੋਡ ਰਾਹੀਂ ਮਾਮੂਨ ਕੈਂਟ ਜਾਣ ਦੀ ਸੰਭਾਵਨਾ ਹੈ। ਜਿਸ ਦੇ ਮੱਦੇਨਜ਼ਰ ਇਲਾਕੇ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਲਖਨਪੁਰ ਅਤੇ ਮਾਧੋਪੁਰ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਦੇ ਧਾਰ ਥਾਣੇ ਦੀ ਦੁਨੇਰਾ ਚੌਕੀ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਜੁਲਾਈ ਦੀ ਸ਼ਾਮ ਨੂੰ ਪਠਾਨਕੋਟ ਮਾਮੂਨ ਛਾਉਣੀ ਦੇ ਨਾਲ ਲੱਗਦੇ ਪਿੰਡ ਫੰਗਟੋਲੀ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਗਏ ਸਨ। ਜਦੋਂ ਇਨ੍ਹਾਂ ਵਿੱਚੋਂ ਚਾਰ ਸ਼ੱਕੀ ਵਿਅਕਤੀਆਂ ਨੇ ਪਿੰਡ ਦੀ ਔਰਤ ਸੀਮਾ ਦੇਵੀ ਤੋਂ ਪੀਣ ਲਈ ਪਾਣੀ ਮੰਗਿਆ ਤਾਂ ਉਨ੍ਹਾਂ ਦੇ ਤਿੰਨ ਸਾਥੀ ਕੁਝ ਦੂਰੀ ’ਤੇ ਇੱਕ ਦਰੱਖਤ ਹੇਠਾਂ ਖੜ੍ਹੇ ਸਨ। ਦੋ ਦਿਨਾਂ ਬਾਅਦ 25 ਜੁਲਾਈ ਨੂੰ ਤੜਕੇ 2.30 ਵਜੇ ਤਿੰਨ ਸ਼ੱਕੀ ਵਿਅਕਤੀ ਉਸੇ ਪਿੰਡ ਦੇ ਬਲਰਾਮ ਸਿੰਘ ਦੇ ਘਰ ਆਏ ਅਤੇ ਖਾਣਾ ਮੰਗਿਆ। ਹੁਣ ਦੋ ਦਿਨ ਪਹਿਲਾਂ ਬਮਿਆਲ ਸਰਹੱਦੀ ਖੇਤਰ ਦੇ ਪਿੰਡ ਰਾਮਕਲਵਾਂ ਵਿੱਚ ਇੱਕ ਵਿਅਕਤੀ ਨੇ ਛੇ ਤੋਂ ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ।