ਅੰਮ੍ਰਿਤਸਰ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਪਿੰਡਾਂ ਦੇ ਸਮੂਹਿਕ ਵਿਕਾਸ ਗ੍ਰਾਮ ਸਭਾ ਦੀ ਭੂਮਿਕਾ ਨੂੰ ਲੈ ਕੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਲੰਧਰ ਡਵੀਜ਼ਨ ਅਧੀਨ ਪੈਂਦੇ 7 ਜਿਲਿਆਂ ਦੇ ਕਰੀਬ 1500 ਸਰਪੰਚ ਸ਼ਾਮਲ ਹੋਏ।

ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਗ੍ਰਾਮ ਸਭਾਵਾਂ ਮਜ਼ਬੂਤ ਹੋਣ। ਉਨਾਂ ਸੈਮੀਨਾਰ ਵਿਚ ਹਾਜ਼ਰ ਸਰਪੰਚਾਂ ਨੂੰ ਕਿਹਾ ਕਿ ਉਹ ਪਾਰਟੀਬਾਜੀ ਤੋਂ ਉਪਰ ਉੱਠ ਕੇ ਪਿੰਡਾ ਦਾ ਵਿਕਾਸ ਕਰਨ ਤਾਂ ਜੋ ਪੰਜਾਬ ਨੂੰ ਫਿਰ ਹਰਿਆਵਲ ਭਰਪੂਰ ਬਣਾਇਆ ਜਾ ਸਕੇ। ਮੰਤਰੀ ਧਾਲੀਵਾਲ ਨੇ ਕਿਹਾ ਕਿ 15 ਜੂਨ ਤੋਂ 26 ਜੂਨ ਤੱਕ ਪੂਰੇ ਪੰਜਾਬ ਵਿੱਚ ਇਜਲਾਸ ਕੀਤੇ ਜਾਣਗੇ ਅਤੇ ਇਸ ਸਬੰਧ ਵਿੱਚ ਅੱਜ ਸਰਪੰਚਾਂ ਨੂੰ ਜਾਗਰੂਕ ਕਰਨ ਲਈ ਇਹ ਸੈਮੀਨਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 13 ਜੂਨ ਨੂੰ ਦੁਸਰਾ ਸੈਮੀਨਾਰ ਲੁਧਿਆਣਾ ਅਤੇ 14 ਜੂਨ ਨੂੰ ਤੀਜਾ ਸੈਮੀਨਾਰ ਬਠਿੰਡਾ ਵਿਖੇ ਆਯੋਜਿਤ ਕੀਤਾ ਜਾਵੇਗਾ।

ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦਾ ਸਮੂਹਿਕ ਵਿਕਾਸ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਡੀਆਂ ਗ੍ਰਾਮ ਸਭਾਵਾਂ ਮਜ਼ਬੂਤ ਹੋਣ। ਉਨਾਂ ਕਿਹਾ ਕਿ ਮੈਂ ਖੁਦ ਵੀ ਸਰਪੰਚ ਰਿਹਾ ਹਾਂ ਅਤੇ ਜ਼ਮੀਨੀ ਹਕੀਕਤ ਤੋਂ ਭਲੀਭਾਂਤ ਜਾਣੂ ਹਾਂ। ਉਨਾਂ ਕਿਹਾ ਕਿ 65 ਫੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਸਾਡੀ ਸਰਕਾਰ ਦਾ ਮੁੱਖ ਮੰਤਵ ਪਿੰਡਾਂ ਦਾ ਵਿਕਾਸ ਕਰਨਾ ਹੈ। ਉਨਾਂ ਕਿਹਾ ਕਿ ਅਸੀਂ ਗ੍ਰਾਮ ਸਭਾਵਾਂ ਨੂੰ ਮੁੜ ਸੁਰਜੀਤ ਕਰਾਂਗੇ। ਉਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਗ੍ਰਾਮ ਸਭਾਵਾਂ ਦਾ ਅਹਿਮ ਰੋਲ ਹੁੰਦੀਆਂ ਹਨ ਅਤੇ ਉਹ ਹੀ ਤੈਅ ਕਰਦੀਆਂ ਹਨ ਕਿ ਪਿੰਡਾਂ ਵਿੱਚ ਕਿਹੜੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣੇ ਹਨ। ਉਨਾਂ ਦੱਸਿਆ ਕਿ ਗ੍ਰਾਮ ਸਭਾਵਾਂ ਦਾ ਮੁੱਖ ਕੰਮ ਬਜਟ ਤਿਆਰ ਕਰਨਾ, ਯੋਜਨਾ ਪਾਸ ਕਰਨਾ, ਯੋਜਨਾਵਾਂ ਨੂੰ ਲਾਗੂ ਕਰਨਾ ਤੋਂ ਇਲਾਵਾ ਗਰੀਬੀ ਮੁਕਤ ਪਿੰਡ, ਪਾਣੀ ਭਰਪੂਰ ਪਿੰਡ, ਸਿਹਤਮੰਦ ਪਿੰਡ, ਮਹਿਲਾਵਾਂ ਦੀ ਸ਼ਮੂਲੀਅਤ ਵਾਲਾ ਵਿਕਾਸ ਅਤੇ ਸਵੈ ਨਿਰਭਰ ਪਿੰਡ ਬਣਾਉਣਾ ਹੈ।
ਧਾਲੀਵਾਲ ਨੇ ਜੋਰ ਦਿੰਦਿਆਂ ਕਿਹਾ ਕਿ ਪਿੰਡਾਂ ਦਾ ਵਿਕਾਸ ਕੇਵਲ ਗਲੀਆਂ ਨਾਲੀਆਂ ਬਣਾਉਣ ਦੇ ਨਾਲ ਨਹੀਂ ਸਗੋਂ ਮਨੁੱਖੀ ਵਿਕਾਸ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਸੀਂ ਘਰੇਲੂ ਡੇਅਰੀ ਫਾਰਮਿੰਗ ਨੂੰ ਵੀ ਵਧਾਵਾ ਦੇ ਰਹੇ ਹਾਂ ਤਾਂ ਜੋ ਪੇਂਡੂ ਖੇਤਰ ਦੇ ਲੋਕ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ।












