ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਅਤੇ ਸੀਨੀ.ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਦੀ ਅਗਵਾਈ ‘ਚ ਅੱਜ ਸਮੁੱਚੇ ਵਕੀਲ ਭਾਈਚਾਰੇ ਨੇ ਅੱਜ ਐੱਸ.ਡੀ.ਐੱਮ ਸਮਰਾਲਾ ਵੱਲੋਂ ਸਮੁੱਚੇ ਵਕੀਲਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਸਖਤ ਨੋਟਿਸ ਲੈਂਦੇ ਹੋਏ ਉਨਾਂ ਖਿਲਾਫ਼ ਆਪਣਾ ਮੋਰਚਾ ਖੋਲ ਦਿੱਤਾ। ਸਮੁੱਚੇ ਵਕੀਲਾਂ ਨੇ ਸ਼ਹਿਰ ਦੇ ਮੁੱਖ ਚੌਂਕ ‘ਚ ਐੱਸ.ਡੀ.ਐੱਮ ਮੁਰਦਾਬਾਦ ਦੇ ਨਾਅਰੇ ਲਾਉਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਧਿਕਾਰੀ ਦੀ ਤੁਰੰਤ ਇੱਥੋਂ ਬਦਲੀ ਕੀਤੀ ਜਾਵੇ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਐੱਸ.ਡੀ.ਐੱਮ ਦਾ ਵਿਹਾਰ ਵਕੀਲਾਂ ਨਾਲ ਬੇਹਦ ਰੁੱਖਾ ਹੈ ਤੇ ਉਹ ਗੈਰ ਜਿੰਮੇਵਰਾਨਾ ਢੰਗ ਨਾਲ ਹੀ ਅਦਾਲਤੀ ਕੰਮਕਾਜ ਕਰਦੇ ਹਨ। ਆਮ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਉਹ ਬਿਲਕੁਲ ਵੀ ਸੰਜੀਦਗੀ ਨਾਲ ਨੀਂ ਲੈਂਦੇ। ਸ਼ਾਹੀ ਨੇ ਦੱਸਿਆ ਕਿ ਪਿਛਲੇ ਦਿਨੀਂ ਕਿਸੇ ਮਹਿਲਾ ਤੇ 751 ਦਾ ਮਾਮਲਾ ਪੁਲਿਸ ਵੱਲੋਂ ਦਰਜ਼ ਕੀਤਾ ਗਿਆ ਸੀ ਤੇ ਉਸਦੀ ਜਮਾਨਤ ਲਈ ਸਬੰਧਤ ਸਾਰੇ ਕਾਗਜਾਤ ਪੂਰੇ ਸਨ ।
ਪਰ ਐੱਸ.ਡੀ.ਐੱਮ ਨੇ ਇਨਾਂ ਸਾਰਿਆਂ ਪੱਖਾਂ ਨੂੰ ਅਣਗੌਲਿਆ ਕਰਕੇ ਉਸ ਲੜਕੀ ਨੂੰ ਜੇਲ ਭੇਜ ਦਿੱਤਾ ਤੇ ਉਸਦਾ ਬਚਾਅ ਕਰਨ ਵਾਲੇ ਪੱਖ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ। ਜਿਸ ਕਰਕੇ ਸਾਰੇ ਵਕੀਲਾਂ ਤੇ ਅਦਾਲਤੀ ਕੰਪਲੈਕਸ ਦੇ ਬਾਹਰ ਮੌਜੂਦ ਆਮ ਜਨਤਾ ਵੱਲੋਂ ਐੱਸ.ਡੀ.ਐੱਮ ਦੇ ਇਸ ਰਵੱਈਏ ਦੀ ਸਖਤ ਨਿੰਦਾ ਕੀਤੀ ਗਈ। ਸ਼ਾਹੀ ਨੇ ਕਿਹਾ ਕਿ ਇਕ ਜਿੰਮੇਵਾਰ ਅਧਿਕਾਰੀ ਇਸ ਤਰਾਂ ਦੀਆਂ ਗੈਰ ਜਿੰਮੇਵਰਾਨਾ ਗੱਲਾਂ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀਆਂ ਜਿਸ ਕਰਕੇ ਇਸਦਾ ਵਿਰੋਧ ਕਰਨ ਲਈ ਉਨਾਂ ਨੂੰ ਸੜਕਾਂ ਤੇ ਉਤਰਨਾ ਪਿਆ।
ਦੂਜੇ ਪਾਸੇ ਜਦੋਂ ਸਮਰਾਲਾ ਦੇ ਐੱਸ.ਡੀ.ਐੱਮ ਕੁਲਦੀਪ ਬਾਵਾ ਤੋਂ ਉਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਨਾਂ ਦੇ ਧਿਆਨ ‘ਚ ਇਸ ਤਰਾਂ ਦਾ ਕੋਈ ਮਾਮਲਾ ਨਹੀਂ ਹੈ ਤੇ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਆਪਣਾ ਕੰਮਕਾਜ ਕਰਦੇ ਹਨ ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਹੈ ਤਾਂ ਉਸਦਾ ਹੱਲ ਜਰੂਰ ਕੀਤਾ ਜਾਵੇਗਾ।












