ਚੰਡੀਗੜ੍ਹ, 21 ਜਨਵਰੀ 2022 – ਉੱਤਰੀ ਭਾਰਤ ‘ਚ ਕੜਾਕੇ ਦੀ ਠੰਡ ਪੈ ਰਹੀ ਹੈ। ਅਜਿਹੇ ‘ਚ ਅੱਜ ਸ਼ੁੱਕਰਵਾਰ ਤੋਂ ਮੌਸਮ ਕਰਵਟ ਲੈ ਰਿਹਾ ਹੈ। ਅੱਜ ਤੋਂ ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਕਈ ਦਿਨਾਂ ਦੌਰਾਨ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਕਾਰਨ ਠੰਡ ‘ਚ ਹੋਰ ਵਾਧਾ ਹੋ ਜਾਵੇਗਾ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨ ਦਿੱਲੀ, ਰਾਜਸਥਾਨ, ਪੰਜਾਬ ਤੇ ਹਰਿਆਣਾ ’ਚ ਤੇਜ਼ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ’ਚ ਲੰਘੀ ਰਾਤ ਤੋਂ ਹੀ ਕਿਣਮਿਣ ਹੋਈ ਹੈ।
ਜਦੋਂ ਤੋਂ ਨਵਾਂ ਸਾਲ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪੰਜਾਬ ‘ਚ ਠੰਢ ‘ਚ ਕਾਫੀ ਵਾਧਾ ਹੋਇਆ ਹੈ। ਨਵੇਂ ਸਾਲ ਦੇ ਪਹਿਲੇ ਹਫਤੇ ਹੀ ਪਾਏ ਭਾਰੀ ਮੀਂਹ ਨੇ ਜਿੱਥੇ ਠੰਢ ‘ਚ ਵਾਧਾ ਕੀਤਾ ਉੱਥੇ ਹੀ ਉਦੋਂ ਹੀ ਪੰਜਾਬ ‘ਚ ਬੱਦਲਵਾਈ ਬਣੀ ਹੋਈ ਹੈ ਅਤੇ ਨਾਲ ਹੀ ਕਈ ਇਲਾਕਿਆਂ ‘ਚ ਰੋਜ਼ਾਨਾ ਸੰਘਣੀ ਧੁੰਦ ਵੀ ਪੈ ਰਹੀ ਹੈ। ਇਸ ਦੌਰਾਨ ਸੂਰਜ ਨੇ ਵੀ ਘੱਟ ਹੀ ਦਰਸ਼ਨ ਦਿੱਤੇ ਹਨ।
ਪਰ ਇੱਕ ਵਾਰ ਫੇਰ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਪਏ ਭਾਰੀ ਮੀਂਹ ਕਾਰਨ ਕਿਸਾਨ ਚਿੰਤਤ ਹਨ ਕਿ ਜੇ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਮੀਂਹ ਪੈ ਗਿਆ ਤਾਂ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।











