ਚੰਡੀਗੜ੍ਹ: 29 ਅਕਤੂਬਰ : ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਵਿਦਿਆਰਥੀਆਂ ਪ੍ਰਤੀ ਬਦਨੀਅਤੀ ਅਤੇ ਸਰਕਾਰੀ ਸਕੂਲਾਂ ਦੀ ਅਣਦੇਖੀ ਦੇ ਚਲਦਿਆਂ ਸਰਕਾਰੀ ਸਕੂਲਾਂ ‘ਚ ਚੱਲ ਰਹੀ ਮਿਡ ਡੇਅ ਮੀਲ ਸਕੀਮ ਬੰਦ ਹੋਣ ਕਿਨਾਰੇ ਪੁੱਜਣ ‘ਤੇ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਪੰਜਾਬ ਦੇ ਵਿਦਿਆਰਥੀਆਂ ਦੇ ਭੱਵਿਖ ਨਾਲ ਖਿਲਵਾੜ ਕਰ ਰਹੇ ਹਨ। ਭਗਵੰਤ ਮਾਨ ਖੁੱਦ ਤਾਂ ਹੋਰਨਾਂ ਸੂਬਿਆਂ ਦੀ ਸਿਰ ਕਰਦੇ ਫਿਰਦੇ ਹਨ ਅਤੇ ਪੰਜਾਬ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ। ਜੀਵਨ ਗੁਪਤਾ ਨੇ ਕਿਹਾ ਕਿ ਚੋਣਾਂ ‘ਤੋਂ ਪਹਿਲਾਂ ਭਗਵੰਤ ਮਾਨ ਪੰਜਾਬ ‘ਚ ਦਿੱਲੀ ਦਾ ਸਿਖਿਆ ਮਾਡਲ ਲਾਗੂ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਥਕਦੇ ਨਹੀਂ ਸਨ ਪਰ ਹੁਣ ਸਰਕਾਰੀ ਸਕੂਲਾਂ ‘ਚ ਰਹੀ ਮਿਡ ਡੇਅ ਮੀਲ ਸਕੀਮ ਨੂੰ ਵੀ ਬੰਦ ਕਰਨ ਨੂੰ ਫਿਰਦੇ ਹਨ। ਚੋਣਾਂ ‘ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਕੀ ਹਾਲ ਹੈ ਇਸ ਦਾ ਪਤਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਵੇਖ ਕੇ ਹੀ ਲੱਗਦਾ ਹੈ। ਗੁਪਤਾ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕਿ ਇਹੀ ਹੈ ਦਿੱਲੀ ਦਾ ਸਿਖਿਆ ਮਾਡਲ ਜਿਸ ਨੂੰ ਪੰਜਾਬ ‘ਚ ਲਾਗੂ ਕੀਤਾ ਜਾਣਾ ਸੀ?
ਜੀਵਨ ਗੁਪਤਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣ ਲਈਂ ਚਲਾਈ ਜਾ ਰਹੀ ਮਿਡ ਡੇਅ ਮੀਲ ਸਕੀਮ ਪਿਛਲੇ ਕਈ ਮਹੀਨਿਆਂ ਤੋਂ ਪੈਸੇ ਦਾ ਭੁਗਤਾਨ ਨਾ ਮਿਲਣ ਕਾਰਨ ਬੰਦ ਹੋਣ ਕਿਨਾਰੇ ਪੁੱਜ ਗਈ ਹੈ। ਇਸ ਪਿੱਛੇ ਮੁਖਮੰਤਰੀ ਭਗਵੰਤ ਮਾਨ, ਸਿਖਿਆ ਮੰਤਰੀ ਹਰਜੋਤ ਬੈਂਸ ਅਤੇ ਸਿਖਿਆ ਵਿਭਾਗ ਅਤੇ ਸਰਕਾਰੀ ਉਦਾਸੀਨਤਾ ਨੀਤੀ ਜਿੰਮੇਵਾਰ ਹੈ। ਪੰਜਾਬ ਸਰਕਾਰ ਨੇ ਪਿਛਲੇ ਤਿੰਨ ਮਹੀਨੇ ਤੋਂ ਮਿਡ ਡੇਅ ਮੀਲ ਦੀ ਰਾਸ਼ੀ ਸਕੂਲਾਂ ਵਿੱਚ ਨਹੀਂ ਭੇਜੀ ਗਈ, ਜਿਸ ਕਾਰਨ ਅਧਿਆਪਕ ਆਪਣੇ ਕੋਲੋਂ ਜਾਂ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਮਿਡ ਡੇਅ ਮੀਲ ਚਲਾ ਰਹੇ ਹਨ। ਹੁਣ ਹਾਲਾਤ ਇਹ ਹਨ ਕਿ ਹੁਣ ਲੈਣਦਾਰੀ ਦਾ ਪੈਸਾ ਵੱਧਣ ਕਾਰਨ ਦੁਕਾਨਦਾਰਾਂ ਨੇ ਵੀ ਉਧਾਰ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਐਡਵਾਂਸ ਵਿੱਚ ਅਦਾਇਗੀ ਕਰੇ, ਤਾਂ ਜੋ ਕਿ ਅਧਿਆਪਕ ਵਰਗ ਨੂੰ ਇਸ ਸਕੀਮ ਨੂੰ ਚਲਾਉਣ ਲਈ ਕੋਈ ਦਿੱਕਤ ਨਾ ਆਵੇ, ਪਰ ਉਲਟਾ ਸਰਕਾਰ ਮਹੀਨਿਆਂ ਬੱਧੀ ਅਦਾਇਗੀ ਲਟਕਾ ਕੇ ਅਧਿਆਪਕ ਵਰਗ ਨੂੰ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੀ ਹੈ। ਅਜਿਹੇ ਵਿੱਚ ਅਧਿਆਪਕ ਬਚਿਆਂ ਨੂ ਚੰਗੇਰੀ ਸਿਖਿਆ ਕਿੰਵੇਂ ਦੇਣਗੇ?
ਜੀਵਨ ਗੁਪਤਾ ਨੇ ਪੰਜਾਬ ਸਰਕਾਰ ‘ਤੋਂ ਮੰਗ ਕੀਤੀ ਕਿ ਉਹ ਮਿਡ ਡੇਅ ਮੀਲ ਸਕੀਮ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਤੁਰੰਤ ਕਰੇ, ਤਾਂ ਜੋ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਰਹੇ ਅਤੇ ਖਾਣਾਂ ਬਣਾਉਣ ਵਾਲੇ ਵਰਕਰਾਂ ਨੂੰ ਮਿਲਦੀ ਨਿਗੂਣੀ ਤਨਖਾਹ ਵੀ ਤੁਰੰਤ ਜਾਰੀ ਕੀਤੀ ਜਾਵੇ।