ਚੰਡੀਗੜ੍ਹ, 12 ਮਾਰਚ (ਬਲਜੀਤ ਮਰਵਾਹਾ) ਰੱਖਿਆ, ਪੁਲਾੜ, ਖੇਤੀਬਾੜੀ ਅਤੇ ਉਦਯੋਗਿਕ ਸਮੇਤ ਪ੍ਰਮੁੱਖ ਖੇਤਰਾਂ ਵਿਚ ਐਫ. ਡੀ. ਆਈ. ਉਦਾਰੀਕਰਨ ਵਰਗੇ ਰਣਨੀਤਿਕ ਨੀਤੀ ਸੁਧਾਰਾਂ ਨੇ ਵਪਾਰ ਅਤੇ ਨਿਵੇਸ਼ ਦੇ ਲੈਂਡਸਕੇਪ ਨੂੰ ਨਵਾਂ ਰੂਪ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੀਤੀ ਆਯੋਗ ਦੇ ਮੈਂਬਰ ਡਾ. ਅਰਵਿੰਦ ਵਿਰਮਾਨੀ ਨੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਸਟਰੀ ਅਤੇ ਨੀਤੀ ਆਯੋਗ ਦੇ ਸਹਿਯੋਗ ਨਾਲ ਆਯੋਜਿਤ ਇਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ। ਵਰਕਸ਼ਾਪ ਦਾ ਥੀਮ ‘ਨਿਰਯਾਤ ਅਧਾਰਿਤ ਵਿਕਾਸ ਸੰਚਾਲਕ ਦੇ ਰੂਪ ਵਿਚ ਰਾਜ’ ਸੀ। ਇਸ ਮੌਕੇ ਡਾ. ਅਰਵਿੰਦ ਵਿਰਮਾਨੀ ਨੇ ਕਿਹਾ ਕਿ ਨਿਰਯਾਤ ਅਤੇ ਆਰਥਿਕ ਵਿਕਾਸ ਨੂੰ ਵਧਾਉਣਾ ਹੀ ਸਮੇਂ ਦੀ ਮੁੱਖ ਮੰਗ ਹੈ।
ਇਸਦੇ ਨਾਲ ਜਨਤਕ ਖੇਤਰ ਦੇ ਪੁਨਰਗਠਨ, ਟੈਕਸ ਸੁਧਾਰਾਂ ਅਤੇ ਰਣਨੀਤਿਕ ਉਦਯੋਗ ਨੀਤੀਆਂ ਨੇ ਵਿਨਿਵੇਸ਼ ਅਤੇ ਨਿੱਜੀਕਰਣ ਦੀ ਸਹੂਲਤ ਦਿੱਤੀ, ਜਿਸ ਨਾਲ ਇਕ ਗਤੀਸ਼ੀਲ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਵਾਤਾਵਰਣ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਵਰਕਸ਼ਾਪ ਵਿਚ ਪਹੁੰਚੇ ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਸੰਜੀਤ ਸਿੰਘ ਨੇ ਕਿਹਾ ਕਿ ਸਾਨੂੰ ਅੰਮ੍ਰਿਤ ਕਾਲ ਵਿਚ ਰਹਿਣ ਦਾ ਮਾਣ ਹਾਸਲ ਹੋਇਆ ਹੈ। ਪ੍ਰਧਾਨ ਮੰਤਰੀ ਨੇ ਭਾਂਰਤ ਦੇ ਵਿਕਾਸ ਵਿਚ ਸੂਬਿਆਂ ਦੀ ਮਹੱਤਵਪੂਰਣ ਭੂਮਿਕਾ ਨੂੰ ਰੇਖਾਕ੍ਰਿਤ ਕੀਤਾ ਹੈ।
ਭਾਰਤ ਸਾਰੇ ਜੀ-7 ਵਪਾਰਕ ਸਾਂਝੇਦਾਰਾਂ ਨਾਲ ਮੁਕਤ ਵਪਾਰ ਸਮਝੌਤੇ ਕਰਨ ਲਈ ਤਿਆਰ ਹੈ, ਜਿਸਦਾ ਉਦੇਸ਼ ਵੱਧ ਤੋਂ ਵੱਧ ਨਿਵੇਸ਼, ਰੁਜ਼ਗਾਰ ਅਤੇ ਨਿਰਯਾਤ ਬੁਨਿਆਦੀ ਢਾਂਚੇ ਨੂੰ ਗਲੋਬਲ ਮਾਪਦੰਡਾਂ ਅਨੁਸਾਰ ਨਿਰਯਾਤ ਲਾਗਤਾਂ ਨੂੰ 8 ਪ੍ਰਤੀਸ਼ਤ ਤੱਕ ਘਟਾਉਣਾ ਹੈ। ਸੇਵਾਵਾਂ ਦੇ ਨਿਰਯਾਤ ਵਿਚ ਭਾਰਤ ਦੀ ਆਬਾਦੀ ਖਾਸ ਕਰਕੇ ਆਈ. ਟੀ. ਖੇਤਰ ਵਿਚ ਇਕ ਵਿਸ਼ਵ ਸ਼ਕਤੀ ਵਜੋਂ ਉਭਰੀ ਹੈ। ਨੀਤੀ ਆਯੋਗ ਦਾ ਪੀ. ਐਚ. ਡੀ. ਸੀ. ਸੀ. ਆਈ. ਵਰਗੀਆਂ ਉਦਯੋਗਿਕ ਸੰਸਥਾਵਾਂ ਨਾਲ ਸਹਿਯੋਗ ਨਵੀਨਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਇਕ ਠੋਸ ਯਤਨ ਦਰਸਾਉਂਦਾ ਹੈ। ਇਸਤੋਂ ਪਹਿਲਾਂ ਮੁੱਖ ਅਰਥ ਸ਼ਾਸਤਰੀ ਅਤੇ ਪੀ. ਐਚ. ਡੀ. ਸੀ. ਸੀ. ਆਈ. ਦੇ ਡਿਪਟੀ ਸਕੱਤਰ ਜਨਰਲ ਡਾ. ਐਸ. ਪੀ. ਸ਼ਰਮਾ ਨੇ ਵਪਾਰ ਅਤੇ ਨਿਰਯਾਤ ’ਤੇ ਮਜ਼ਬੂਤ ਫੋਕਸ ਨਾਲ ਵਿਸ਼ਵ ਭਰ ਵਿਚ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਜੋਂ ਭਾਰਤੀ ਦੀ ਸਥਿਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਐਮ. ਐਸ. ਐਮ. ਈ. ਐਸ. ਦੀ ਵਧਦੀ ਪ੍ਰਮੁੱਖਤਾ ਅਤੇ ਉਨ੍ਹਾਂ ਦੀ ਵਧਦੀ ਮਹੱਤਤਾ ਲਈ ਸਰਕਾਰੀ ਸੁਧਾਰਾਂ ਨੂੰ ਸਿਹਰਾ ਜਾਂਦਾ ਹੈ। ਉਨ੍ਹਾ ਨਿਰਯਾਤ ਵਿਚ ਮਹੱਤਵਪੂਰਣ ਵਾਧੇ ਨੂੰ ਵੀ ਨੋਟ ਕੀਤਾ ਜੋ ਗਲੋਬਲ ਮਾਰਕੀਟ ਵਿਚ ਭਾਰਤ ਦੀ ਵੱਧ ਰਹੀ ਮੌਜੂਦਗੀ ਤੇ ਮੁਕਾਬਲੇਬਾਜ਼ੀ ਨੂੰ ਦਰਸਾਉਂਦਾ ਹੈ।
ਇਸ ਮੌਕੇ ਆਪਣੇ ਸੰਬੋਧਨ ਵਿਚ ਪੀ. ਐਚ. ਡੀ. ਸੀ. ਸੀ. ਆਈ. ਪੰਜਾਬ ਚੈਪਟਰ ਦੇ ਪ੍ਰਧਾਨ ਆਰ. ਐਸ. ਸਚਦੇਵਾ ਨੇ ਵਿਸ਼ੇਸ਼ ਰੂਪ ਤੋਂ ਆਵਾਜਾਈ ਖੇਤਰ ਵਿਚ ਵਪਾਰ ਕਰਨ ਵਿਚ ਆਸਾਨੀ ਦੀ ਵਧਦੀ ਲੋੜ ’ਤੇ ਜੋਰ ਦਿੱਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਟਾਈਨੋਰ ਆਰਥੀਟਿਕਸ ਦੇ ਪ੍ਰਬੰਧਕੀ ਨਿਰਦੇਸ਼ਕ ਪੀ. ਜੇ. ਸਿੰਘ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਨੂੰ ਮਜਬੂਤ ਕਰਨ ਦੇ ਮਹੱਤਵ ’ਤੇ ਜੋਰ ਦਿੰਦਿਆਂ ਉਤਪਾਦਨ ਦਾ ਵਿਸਥਾਰ ਕਰਨ ਅਤੇ ਸਰਹੱਦਾਂ ਨੂੰ ਪਾਰ ਕਰਨ ਦੀ ਲੋੜ ’ਤੇ ਜੋਰ ਦਿੱਤਾ। ਇਸ ਮੌਕੇ ਆਯੋਜਿਤ ਵੱਖ ਵੱਖ ਸੈਸ਼ਨਾਂ ਦੌਰਾਨ ਐਮ. ਐਸ. ਐਮ. ਈ. ਬੋਰਡ ਦੇ ਮੈਂਬਰ ਡਾ. ਹਰਜਿੰਦਰ ਕੇ. ਤਲਵਾਰ, ਵਿਕਾਸ ਵਰਮਾ, ਸੁਸ਼੍ਰੀ ਮੁਸਕਾਨ ਅਗਰਵਾਲ, ਰਾਜਸਥਾਨ ਉਦਯੋਗ ਵਿਭਾਗ ਦੇ ਵਧੀਕ ਕਮਿਸ਼ਨਰ ਆਰ. ਕੇ. ਅਮੇਰੀਆ, ਯੂ. ਐਨ. ਡੀ. ਪੀ. ਉਤਰੀ ਖੇਤਰ ਦੇ ਵਿਕਾਸ ਵਰਮਾ, ਡੀ. ਮੀਰਾ ਮਹਿਲਾਨ, ਗੀਤਾਂਜਲੀ ਨਟਰਾਜ, ਪ੍ਰੋ. ਨਿਧੀ ਸ਼ਰਮਾ, ਵਿਸ਼ਵਬਧੂ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।












